ਪੰਜਗਰਾੲੀਂ ਕਲਾਂ, 5 ਮਾਰਚ (ਸੁਖਮੰਦਰ ਸਿੰਘ ਬਰਾੜ)-ਅੰਤਰ ਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀ ਹੱਕੀ ਮੰਗਾਂ ਲਈ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ | ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਦੇਵੀ ਔਲਖ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਮਾਣ-ਭੱਤੇ 'ਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਸਗੋਂ ਹਰ ਵਿਭਾਗੀ ਮੀਟਿੰਗ 'ਚ ਮੰਗਾਂ ਨੂੰ ਪੂਰਾ ਕਰਨ ਦਾ ਲਾਲੀਪਾਪ ਦੇ ਕੇ ਵਰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਫੇਸ ਰਿਕੋਗਨਾਈਜੇਸ਼ਨ ਸਿਸਟਮ ਤਹਿਤ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਲਈ ਆਂਗਣਵਾੜੀ ਕੇਂਦਰਾਂ ਨੂੰ ਮੋਬਾਇਲ ਫ਼ੋਨ ਖ਼ਰੀਦ ਕੇ ਦੇਣੇ ਸਨ, ਪਰ ਚਾਰਾਂ ਸਾਲਾਂ 'ਚ ਸਰਕਾਰ ਮੋਬਾਇਲ ਫ਼ੋਨ ਤਾਂ ਕੀ ਖ਼ਰੀਦ ਕੇ ਦੇਣੇ ਸਨ ਸਗੋਂ ਵਿਭਾਗ ਦਾ ਅਕਸ ਖ਼ਰਾਬ ਹੋਣ ਤੋਂ ਬਚਾਉਣ ਲਈ ਆਪਣੇ ਮੋਬਾਇਲਾਂ ਨਾਲ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਦੇ ਹੌਂਸਲੇ ਪਸਤ ਕਰਨ ਲਈ ਅਜਨਾਲੇ ਤੋਂ ਆਂਗਣਵਾੜੀ ਵਰਕਰ ਜਸਵਿੰਦਰ ਕੌਰ ਦੀਆਂ ਸੇਵਾਵਾਂ ਐਫ. ਆਰ. ਐਸ. ਦਾ ਬਹਾਨਾ ਬਣਾ ਕੇ ਖ਼ਤਮ ਕਰ ਦਿੱਤੀਆਂ | ਉਨ੍ਹਾਂ ਕਿਹਾ ਕਿ ਸੁੱਤੀ ਸਰਕਾਰ ਨੂੰ ਜਗਾਉਣ ਤੇ ਆਂਗਣਵਾੜੀ ਵਰਕਰ ਦੀਆਂ ਸੇਵਾਵਾਂ ਬਿਨ੍ਹਾਂ ਸ਼ਰਤ ਬਹਾਲ ਕਰਵਾਉਣ ਲਈ ਵਿਧਾਨ ਸਭਾ ਦੇ ਅੱਗੇ ਯੂਨੀਅਨ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ |