ਸ੍ਰੀ ਮੁਕਤਸਰ ਸਾਹਿਬ, 9 ਮਾਰਚ (ਰਣਜੀਤ ਸਿੰਘ ਢਿੱਲੋਂ)-'ਆਪ' ਸਰਕਾਰ ਵਲੋਂ ਪੇਸ਼ ਬਜਟ ਮੁਲਾਜ਼ਮ ਵਰਗ ਲਈ ਬੇਹੱਦ ਨਿਰਾਸ਼ਾਜਨਕ ਸਾਬਤ ਹੋਇਆ ਹੈ | ਪੇਸ਼ ਕੀਤੇ ਬਜਟ ਰਾਹੀਂ ਸਰਕਾਰ ਨੇ ਮੁਲਾਜ਼ਮਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ | ਇਹ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੀਨੀਅਰ ਮੈਂਬਰ ਬੂਟਾ ਸਿੰਘ ਵਾਕਫ਼ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਆਖ਼ਰੀ ਬਜਟ ਵਿਚ ਮੁਲਾਜ਼ਮਾਂ ਨੂੰ ਲੰਮੇ ਸਮੇਂ ਤੋਂ ਲਟਕਦੀਆਂ ਵਿੱਤੀ ਮੰਗਾਂ ਪੂਰੇ ਹੋਣ ਦੀ ਵੱਡੀ ਆਸ ਸੀ | ਬਜਟ 'ਚ ਨਾ 15 ਫ਼ੀਸਦੀ ਡੀ.ਏ. ਦੇ ਬਕਾਏ ਦੇਣ ਦੀ ਮੰਗ ਪੂਰੀ ਕੀਤੀ ਗਈ, ਨਾ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ ਤੇ ਨਾ ਹੀ ਆਊਟਸੋਰਸਿੰਗ ਅਤੇ ਠੇਕਾ ਭਰਤੀ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਉਪਰ ਰੈਗੂਲਰ ਕਰਨ ਬਾਰੇ ਕੋਈ ਫ਼ੈਸਲਾ ਲਿਆ ਗਿਆ | ਇਕ ਪਾਸੇ ਮੁਲਾਜ਼ਮ ਤਨਖ਼ਾਹਾਂ 'ਤੇ ਭਾਰੀ ਇਨਕਮ ਟੈਕਸ ਅਦਾ ਕਰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਵਧ ਰਹੀ ਮਹਿੰਗਾਈ ਮੁਤਾਬਕ ਮਹਿੰਗਾਈ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ | ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਵਲੋਂ ਪੇਸ਼ ਕੀਤੇ ਬਜਟਾਂ ਵਿਚੋਂ ਇਹ ਬਜਟ ਸਭ ਤੋਂ ਮਾੜਾ ਅਤੇ ਮੁਲਾਜ਼ਮ ਵਿਰੋਧੀ ਬਜਟ ਸਿੱਧ ਹੋਇਆ ਹੈ |