ਗਿੱਦੜਬਾਹਾ, 9 ਮਾਰਚ (ਸ਼ਿਵਰਾਜ ਸਿੰਘ ਬਰਾੜ)-ਪਿੰਡ ਲਾਲਬਾਈ 'ਚੋਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਭੇਦਭਰੀ ਹਾਲਤ 'ਚ ਲਾਪਤਾ ਹੋਈ ਔਰਤ ਦੀ ਲਾਸ਼ ਖੇਤਾਂ 'ਚੋੋਂ ਮਿਲ ਜਾਣ ਉਪਰੰਤ ਪਿੰਡ ਵਿਚ ਗਮੀ ਦਾ ਮਾਹੌਲ ਬਣ ਗਿਆ ਹੈ | ਪਿੰਡ ਦੇ ਸਾਬਕਾ ਸਰਪੰਚ ਸ਼ਿਵਰਾਜ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਸੁਖਮੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਇਕ ਦਰਵੇਸ਼ ਕਿਸਮ ਦੀ ਔਰਤ ਗੁੱਡੀ ਕੌਰ ਬੀਤੀ ਰਾਤ ਸਮੇਂ ਅਚਾਨਕ ਲਾਪਤਾ ਹੋ ਗਈ ਤੇ ਸਵੇਰ ਤੱਕ ਘਰ ਨਾ ਪਰਤੀ, ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਉਸ ਦੀ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ | ਦੁਪਹਿਰ ਵੇਲੇ ਪਿੰਡ ਵਿਚ ਅਚਾਨਕ ਹੀ ਉਕਤ ਔਰਤ ਦੇ ਖੇਤਾਂ ਵਿਚ ਭੇਦਭਾਰੀ ਹਾਲਤ ਵਿਚ ਮਿ੍ਤਕ ਹਾਲਤ ਵਿਚ ਪਈ ਹੋਣ ਦੀ ਸੂਚਨਾ ਮਿਲ ਗਈ, ਜਿਸ ਉਪਰੰਤ ਪਿੰਡ ਵਾਸੀ ਘਟਨਾ ਸਥਾਨ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ | ਇਸ ਦੌਰਾਨ ਥਾਣਾ ਲੰਬੀ ਨੂੰ ਸੂਚਨਾ ਮਿਲਣ ਉਪਰੰਤ ਵੱਡੀ ਤਾਦਾਦ ਵਿਚ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ | ਪਿੰਡ ਵਾਸੀਆਂ ਨੇ ਦੱਸਿਆ ਕਿ ਮਿ੍ਤਕ ਔਰਤ ਇਕ ਦਰਵੇਸ਼ ਬੁੱਧੀ ਵਾਲੀ ਸੀ ਤੇ ਘਰਾਂ ਵਿਚ ਥੋੜ੍ਹਾ ਬਹੁਤ ਕੰਮਕਾਰ ਕਰਕੇ ਗੁਜ਼ਾਰਾ ਕਰਦੀ ਸੀ | ਉਸ ਦੇ ਘਰਵਾਲੇ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਦੋ ਲੜਕੇ ਵੀ ਠੀਕ ਨਹੀਂ ਹਨ | ਥਾਣਾ ਲੰਬੀ ਦੇ ਮੁਖੀ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਔਰਤ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਵਿਚ ਜੁਟ ਗਈ ਹੈ |