ਗਿੱਦੜਬਾਹਾ, 11 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਪਾਣੀ ਦੀ ਨਵੀਂ ਪਾਈਪ ਲਾਈਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਇਸ ਕੰਮ ਲਈ ਸੰਬੰਧਿਤ ਠੇਕੇਦਾਰ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਸਰਕੂਲਰ ਰੋਡ 'ਤੇ ਸੜਕਾਂ ਦੀ ਪੁਟਾਈ ਕੀਤੀ ਜਾ ਰਹੀ ਹੈ | ਮੌਜੂਦਾ ਦੌਰ ਵਿਚ ਸੜਕਾਂ ਪੁੱਟਣ ਸਮੇਂ ਠੇਕੇਦਾਰ ਵਲੋਂ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਜੇ.ਸੀ.ਬੀ. ਮਸ਼ੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ | ਜੋ ਸੜਕ ਤਾਰਕੋਲ (ਲੁੱਕ) ਜਾਂ ਫ਼ਿਰ ਸੀਮਿੰਟ-ਕੰਕਰੀਟ ਨਾਲ ਬਣੀ ਹੋਈ ਹੈ, ਉਸ ਦੀ ਪੁਟਾਈ ਤਾਂ ਜੇ.ਸੀ.ਬੀ. ਮਸ਼ੀਨ ਨਾਲ ਕੀਤਾ ਜਾਣਾ ਵਾਜਬ ਹੈ, ਪਰ ਜੋ ਸੜਕ ਇੰਟਰਲਾਕ ਟਾਇਲਜ ਨਾਲ ਬਣੀ ਹੈ, ਉਸ ਨੂੰ ਵੀ ਲੇਬਰ ਅਤੇ ਸਮੇਂ ਦੀ ਬੱਚਤ ਦੇ ਨਾਂਅ 'ਤੇ ਜੇ.ਸੀ.ਬੀ. ਨਾਲ ਪੁੱਟਿਆ ਜਾ ਰਿਹਾ ਹੈ | ਅਜਿਹਾ ਕਰਨ ਨਾਲ ਵੱਡੀ ਸੰਖਿਆ ਵਿਚ ਜੇ.ਸੀ.ਬੀ. ਦੇ ਪੰਜੇ ਦੇ ਭਾਰ ਕਰਨ ਇੰਟਰਲਾਕ ਟਾਇਲਾਂ ਟੁੱਟ ਰਹੀਆਂ ਹਨ, ਜਿਸ ਕਾਰਨ ਕਿਤੇ ਨਾ ਕਿਤੇ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਅਜਾਈਾ ਜਾ ਰਹੀ ਹੈ | ਇੰਟਰਲਾਕ ਟਾਇਲਾਂ ਨੂੰ ਹੱਥੀਂ ਜਾਂ ਫ਼ਿਰ ਸੰਭਾਲ ਕੇ ਨਾ ਪੁੱਟੇ ਜਾਣ ਕਾਰਨ ਸੜਕ ਦੇ ਦੁਬਾਰਾ ਠੀਕ ਹੋਣ 'ਤੇ ਵੀ ਪਹਿਲਾਂ ਵਰਗੀ ਮਜਬੂਤੀ ਨਹੀਂ ਰਹੇਗੀ | ਵਰਣਨਯੋਗ ਹੈ ਕਿ ਇੰਟਰਲਾਕ ਟਾਇਲ ਵਾਲੀ ਸੜਕ ਦੀ ਕੇਵਲ ਇਕ ਇੰਟਰਲਾਕ ਟਾਇਲ ਨੂੰ ਪੁੱਟ ਕੇ ਬਾਕੀ ਦੀਆਂ ਟਾਇਲਾਂ ਨੂੰ ਬੜੀ ਆਸਾਨੀ ਨਾਲ ਪੁੱਟਿਆ ਜਾ ਸਕਦਾ ਹੈ ਅਤੇ ਜ਼ਮੀਨ ਵਿਚ ਕੋਈ ਵੀ ਪਾਇਪ ਜਾਂ ਫ਼ਿਰ ਤਾਰ ਆਦਿ ਪਾ ਕੇ ਮੁੜ ਉਹੀ ਟਾਇਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕਿਉਂਕਿ ਇਨ੍ਹਾਂ ਨੂੰ ਲਗਾਉਣ ਸਮੇਂ ਕਿਨਾਰਿਆਂ ਨੂੰ ਛੱਡ ਕੇ ਸੀਮਿੰਟ ਆਦਿ ਵੀ ਵਰਤੋਂ ਨਹੀਂ ਹੰੁਦੀ | ਲੋਕਾਂ ਨੇ ਸੰਬੰਧਿਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਪਾਸੋਂ ਕੰਮ ਨਿਯਮਾਂ ਅਨੁਸਾਰ ਕਰਨ ਅਤੇ ਸੜਕਾਂ ਨੂੰ ਅਣਉਚਿਤ ਨੁਕਸਾਨ ਤੋਂ ਬਚਾਉਣ ਦੀ ਅਪੀਲ ਕੀਤੀ ਹੈ | ਦੂਜੇ ਪਾਸੇ ਸੰਬੰਧਿਤ ਸੀਵਰੇਜ ਵਿਭਾਗ ਦੇ ਜੇ.ਈ. ਲਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਨ੍ਹਾਂ ਠੇਕੇਦਾਰ ਪਾਸੋਂ ਸੜਕ ਡਿਸਮੈਂਟਲ ਕਰਵਾ ਕੇ ਰੀਸਟੋਰ ਕਰਕੇ ਲੈਣੀ ਹੈ ਅਤੇ ਸੜਕ ਨੂੰ ਸਹੀ ਹਾਲਤ ਵਿਚ ਕਰਕੇ ਦੇਣਾ ਠੇਕੇਦਾਰ ਦੀ ਜ਼ਿੰਮੇਵਾਰੀ ਹੈ | ਜੇ.ਈ. ਲਖਵਿੰਦਰ ਸਿੰਘ ਭੁੱਲਰ ਨੇ ਮੌਕੇ ਪੁੱਜ 'ਕੇ ਜੇ.ਸੀ.ਬੀ. ਨਾਲ ਚੱਲ ਰਹੇ ਕੰਮ ਨੂੰ ਬੰਦ ਕਰਵਾਇਆ ਅਤੇ ਹੱਥੀਂ ਇੰਟਰਲਾਕ ਟਾਇਲਾਂ ਪੁੱਟ ਦਾ ਕੰਮ ਸ਼ੁਰੂ ਕਰਵਾਇਆ | ਅਜਿਹੇ ਵਿਚ ਭਾਵੇਂ ਸੰਬੰਧਿਤ ਠੇਕੇਦਾਰ ਅਤੇ ਵਿਭਾਗ ਸੜਕਾਂ ਨੂੰ ਰੀਸਟੋਰ ਕਰਨ ਦੀ ਗੱਲ ਜ਼ਰੂਰ ਕਰ ਰਹੇ ਹਨ, ਪਰ ਅਣਉਚਿਤ ਢੰਗ ਨਾਲ ਟੁੱਟ ਰਹੀਆਂ ਇੰਟਰਲਾਕ ਟਾਇਲਾਂ ਦੀ ਜਗ੍ਹਾ 'ਤੇ ਨਵੀਆਂ ਲੱਗਣ ਵਾਲੀਆਂ ਟਾਇਲਾਂ ਲਈ ਕੱਚੇ ਮਾਲ ਦੇ ਰੂਪ ਵਿਚ ਦੇਸ਼ ਦੇ ਕਿੰਨੇ ਸੰਸਾਧਨਾਂ ਦਾ ਨੁਕਸਾਨ ਹੋਵੇਗਾ, ਇਹ ਜ਼ਰੂਰ ਸੋਚਣ ਵਾਲੀ ਗੱਲ ਹੈ |