ਫ਼ਰੀਦਕੋਟ, 11 ਮਾਰਚ (ਸਰਬਜੀਤ ਸਿੰਘ)-ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਰੈਸਟ ਹਾਊਸ ਫ਼ਰੀਦਕੋਟ ਵਿਖੇ ਜ਼ਿਲ੍ਹਾ ਕਨਵੀਨਰ ਵੀਰਇੰਦਰ ਜੀਤ ਸਿੰਘ ਪੁਰੀ ਅਤੇ ਜਸਮੇਲ ਸਿੰਘ ਰਾਹੀਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਲੋਂ ਆਉਣ ਵਾਲੀ 14 ਮਾਰਚ ਨੂੰ ਕੋਟਕਪੂਰਾ ਦੇ ਕੋਠੇ ਗੱਜਣ ਸਿੰਘ ਕੰਮਿਊਨਿਟੀ ਹਾਲ ਵਿਖੇ ਕੀਤੀ ਜਾਣ ਵਾਲੀ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫ਼ਰੀਦਕੋਟ ਦੀ ਜਥੇਬੰਦਕ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ | ਵੀਰਇੰਦਰ ਸਿੰਘ ਪੁਰੀ ਨੇ ਦੱਸਿਆ ਕਿ ਕਨਵੈਨਸ਼ਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਖਿਲਾਫ਼ ਵਿਸ਼ਾਲ ਲੋਕ ਲਾਮਬੰਦੀ ਤੇ ਆਧਾਰਿਤ ਸੰਘਰਸ਼ਾਂ ਦੀ ਠੋਸ ਵਿਉਂਤਬੰਦੀ ਕੀਤੀ ਜਾਵੇਗੀ | ਨਾਲ ਹੀ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ 2025 ਅਤੇ ਚਾਰ ਕਿਰਤ ਕੋਡ ਰੱਦ ਕਰਵਾਉਣ ਤੋਂ ਇਲਾਵਾ ਮਗਨਰੇਗਾ ਕਾਨੂੰਨ ਦੀ ਇੰਨ-ਬਿੰਨ ਬਹਾਲੀ ਲਈ ਲੋਕ ਯੁੱਧ ਪ੍ਰਚੰਡ ਕਰਨ ਦੀ ਰੂਪ ਰੇਖਾ ਉਲੀਕੀ ਜਾਵੇਗੀ | ਉਨ੍ਹਾਂ ਕਿਹਾ ਕਿ ਕਨਵੈਨਸਨ ਨੂੰ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜਥੇਬੰਦਕ ਸਕੱਤਰ ਰਘਬੀਰ ਸਿੰਘ ਬੈਨੀਪਾਲ ਤੇ ਜਮਹੂਰੀ ਲਹਿਰ ਦੇ ਉੱਘੇ ਆਗੂ ਸਾਥੀ ਮਹੀਪਾਲ ਸੰਬੋਧਨ ਕਰਨਗੇ | ਆਰਗੈਨਿਕ ਖੇਤੀ ਦੇ ਮਾਹਿਰ ਅਤੇ ਅਗਾਂਹ ਵਧੂ ਕਿਸਾਨ ਡਾ. ਮਨਜੀਤ ਸਿੰਘ ਕੋਟਕਪੂਰਾ ਵੀ ਵਿਚਾਰ ਰੱਖਣਗੇ | ਮੀਟਿੰਗ 'ਚ ਲੰਘੀ 8 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮੁਲਾਜ਼ਮਾਂ, ਪੈਨਸ਼ਨਰਾਂ ਤੇ ਢਾਹੇ ਵਹਿਸ਼ੀਆਨਾ ਪੁਲਿਸ ਜਬਰ, ਜਿਸ 'ਚ ਇਸਤਰੀ ਕਰਮਚਾਰੀਆਂ ਨੂੰ ਗਿਣ-ਮਿਥ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਦੀ ਜ਼ੋਰਦਾਰ ਨਿਖੇਧੀ ਕੀਤੀ ਗਈ | ਇਸ ਮੌਕੇ ਸੂਰਤ ਸਿੰਘ ਮਾਹਲਾ, ਸੁਖਮੰਦਰ ਸਿੰਘ ਢਿੱਲਵਾਂ, ਬਲਕਾਰ ਸਿੰਘ ਔਲਖ, ਅਜੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਕਾਕਾ, ਜਤਿੰਦਰ ਕੁਮਾਰ, ਸਿਮਰਜੀਤ ਸਿੰਘ ਬਰਾੜ, ਗੁਰਤੇਜ ਸਿੰਘ ਖਹਿਰਾ, ਸੁਵਿੰਦਰ ਸਿੰਘ ਭੱਟੀ, ਕਰਮਜੀਤ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ |