ਮਲੋਟ, 12 ਮਾਰਚ (ਅਜਮੇਰ ਸਿੰਘ ਬਰਾੜ)-ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਦੇ ਜਰਨਲ ਸਕੱਤਰ ਤੇ ਦਾਣਾ ਮੰਡੀ ਮਲੋਟ ਦੇ ਪ੍ਰਧਾਨ ਸੰਦੀਪ ਭਵਨੀਆ ਵਲੋਂ ਆਪਣੇ ਮਜ਼ਦੂਰ ਸਾਥੀਆਂ ਸਮੇਤ ਜ਼ਿਲ੍ਹਾ ਮੰਡੀ ਅਫ਼ਸਰ ਅਜੈਪਾਲ ਸਿੰਘ ਬਰਾੜ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਪ੍ਰਧਾਨ ਸੰਦੀਪ ਭਵਨੀਆ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਪ੍ਰੇਸ਼ਾਨੀਆਂ ਤੇ ਤਕਲੀਫ਼ਾਂ ਨੂੰ ਦੇਖਦੇ ਹੋਏ ਉਨ੍ਹਾਂ ਵਲੋਂ ਪਿਛਲੇ ਇਕ ਸਾਲ ਤੋਂ ਮਜ਼ਦੂਰਾਂ ਲਈ ਆਰਾਮ ਘਰ ਦੀ ਲਗਾਤਾਰ ਮੰਗ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦਾਣਾ ਮੰਡੀ ਮਲੋਟ ਵਿਚ ਮਜ਼ਦੂਰਾਂ ਦੇ ਆਰਾਮ ਕਰਨ, ਬੈਠਣ ਜਾਂ ਮੀਟਿੰਗ ਲਈ ਕੋਈ ਥਾਂ ਨਹੀਂ ਹੈ, ਜਿਸ ਕਰਕੇ ਸਾਰੇ ਮਜ਼ਦੂਰ ਸ਼ੈੱਡਾਂ ਥੱਲੇ ਬੈਠਣ ਲਈ ਮਜਬੂਰ ਹੁੰਦੇ ਹਨ | ਪ੍ਰਧਾਨ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਅਫ਼ਸਰ ਸ: ਬਰਾੜ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਉਨ੍ਹਾਂ ਵਲੋਂ ਦਫ਼ਤਰੀ ਕਾਰਵਾਈ ਕਰਕੇ ਮਜ਼ਦੂਰਾਂ ਨੂੰ ਆਰਾਮ ਘਰ ਦੇ ਦਿੱਤਾ ਜਾਵੇਗਾ | ਇਸ ਮੌਕੇ ਦਾਣਾ ਮੰਡੀ ਮੰਦਰ ਕਮੇਟੀ ਪ੍ਰਧਾਨ ਵਿਜੈ ਬਾਗੜੀ, ਕਾਲਾ ਬਾਗੜੀ, ਨਰੇਸ਼ ਭਵਨੀਆ (ਗੱਦੂ), ਪ੍ਰਦੀਪ ਭਵਨੀਆ, ਕ੍ਰੋਧੀ, ਸੂਰਜ ਨੁਗਰੀਆ ਸਕੱਤਰ ਮਜ਼ਦੂਰ ਸੰਘ, ਰੌਸ਼ਨ ਭਵਨੀਆ, ਸੁਰੇਸ਼ ਬਾਗੜੀ ਗੱਟੂ, ਰਾਜੂ ਭਵਨੀਆ ਆਦਿ ਹਾਜ਼ਰ ਸਨ |