ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਪੈਟਰੋਲ ਤੇ ਡੀਜ਼ਲ ਦੇ ਮੌਜੂਦਾ ਹਲਾਤ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਤੇ ਤੇਲ ਕੰਪਨੀਆਂ ਦੇ ਏਰੀਆ ਸੇਲਜ਼ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ 'ਚ ਡੀ.ਐਫ.ਐਸ.ਸੀ ਗੁਰਜੀਤ ਸਿੰਘ ਦਿਉਲ, ਇੰਡੀਅਨ ਆਇਲ ਤੋਂ ਤੇਜਿੰਦਰ ਸਿੰਘ, ਭਾਰਤ ਪੈਟਰੋਲੀਅਮ ਤੋਂ ਸ਼ਮਸ਼ੇਰ ਸਿੰਘ, ਹਿੰਦੋਸਤਾਨ ਪੈਟਰੋਲੀਅਮ ਤੋਂ ਕਿ੍ਸ਼ਨ ਮੁਰਾਰੀ ਤੇ ਰਿਲਾਇੰਸ ਕੰਪਨੀ ਵਲੋਂ ਸੁਮਿਤ ਹਾਜ਼ਰ ਸਨ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਉੱਤੇ ਪੈਟਰੋਲ/ਡੀਜ਼ਲ ਦੀ ਆ ਰਹੀ ਘਾਟ ਬਾਰੇ ਜਾਣਕਾਰੀ ਲਈ | ਤੇਲ ਕੰਪਨੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੈਟਰੋਲ/ਡੀਜ਼ਲ ਦੀ ਕੋਈ ਘਾਟ ਨਹੀਂ ਹੈ ਤੇ ਕੰਪਨੀਆਂ ਕੋਲ ਲੋੜੀਂਦੀ ਮਾਤਰਾ ਵਿਚ ਸਟਾਕ ਉਪਲਬਧ ਹੈ | ਉਨ੍ਹਾਂ ਕਿਹਾ ਕਿ ਅਫਵਾਹਾਂ ਦੇ ਕਾਰਨ ਲੋਕਾਂ ਵਲੋਂ ਅਚਾਨਕ ਵੱਧ ਮਾਤਰਾ 'ਚ ਤੇਲ ਖ਼ਰੀਦਣ ਕਾਰਨ ਕੁਝ ਪੰਪਾਂ 'ਤੇ ਅਸਥਾਈ ਤੌਰ 'ਤੇ ਘਾਟ ਦੇ ਹਾਲਾਤ ਬਣੇ ਸਨ | ਇੰਡੀਅਨ ਆਇਲ ਦੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਕੁਝ ਪੰਪਾਂ 'ਤੇ ਤੇਲ ਘੱਟ ਹੋਇਆ, ਕੰਪਨੀ ਵਲੋਂ ਤੁਰੰਤ ਟੈਂਕਰ ਭੇਜ ਕੇ ਸਪਲਾਈ ਮੁੜ ਨਾਰਮਲ ਕਰ ਦਿੱਤੀ ਗਈ ਹੈ | ਭਾਰਤ ਪੈਟਰੋਲੀਅਮ ਤੇ ਹਿੰਦੋਸਤਾਨ ਪੈਟਰੋਲੀਅਮ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਸਪਲਾਈ ਪਹਿਲਾਂ ਵਾਂਗ ਲਗਾਤਾਰ ਜਾਰੀ ਹੈ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪੈਟਰੋਲ ਪੰਪ ਨੂੰ ਡਰਾਈ ਨਾ ਹੋਣ ਦਿੱਤਾ ਜਾਵੇ ਤੇ ਸਪਲਾਈ ਨਿਰੰਤਰ ਬਣਾਈ ਰੱਖੀ ਜਾਵੇ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਦੂਰ ਰਹਿਣ ਤੇ ਲੋੜ ਮੁਤਾਬਕ ਹੀ ਪੈਟਰੋਲ/ਡੀਜ਼ਲ ਦੀ ਖ਼ਰੀਦ ਕਰਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਪੰਪ ਮਾਲਕ ਜਮਾਂਖੋਰੀ ਜਾਂ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |