ਸਾਦਿਕ, 13 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਮੌਸਮ ਦੀ ਖਰਾਬੀ ਤੋਂ ਬਾਅਦ ਮੌਸਮ ਸੁਖਾਵਾਂ ਹੋਣ ਤੇ ਕਿਸਾਨਾਂ ਵਲੋਂ ਕਣਕ ਦੀ ਕਟਾਈ ਵਿਚ ਤੇਜੀ ਆ ਗਈ ਹੈ | ਹਰ ਪਾਸੇ ਕੰਬਾਈਨਾਂ ਦੀ ਘੂਕ ਸੁਣਾਈ ਦੇ ਰਹੀ ਹੈ | ਮੰਡੀਆਂ 'ਚ ਰੋਜ਼ਾਨਾਂ ਤੇਜੀ ਨਾਲ ਕਣਕ ਦੀ ਆਮਦ ਹੋ ਰਹੀ ਹੈ | ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਮੰਡੀਆਂ, ਸਾਦਿਕ, ਜੰਡ ਸਾਹਿਬ, ਦੀਪ ਸਿੰਘ ਵਾਲਾ, ਕਾਉਣੀ, ਬੁੱਟਰ, ਡੋਡ, ਸਾਧਾਂਵਾਲਾ, ਗੋਲੇਵਾਲਾ, ਘੁਗਿਆਣਾ, ਮਹਿਮੂਆਣਾ, ਸੁੱਖਣਵਾਲਾ ਆਦਿ ਮੰਡੀਆਂ 'ਚ ਅੱਜ ਤੱਕ 5 ਲੱਖ ਗੱਟੇ ਤੋਂ ਉੱਪਰ ਕਣਕ ਵਿਕਣ ਲਈ ਪਹੁੰਚ ਚੁੱਕੀ ਹੈ ਤੇ ਮੰਡੀਆਂ ਦੇ ਫੜ੍ਹ ਦਿਨੋ ਦਿਨ ਨੱਕੋ ਨੱਕ ਭਰ ਰਹੇ ਹਨ | ਇਕ ਅੰਦਾਜ਼ੇ ਮੁਤਾਬਕ 35-40 ਪ੍ਰਤੀਸ਼ਤ ਕਣਕ ਮੰਡੀਆਂ ਵਿਚ ਪਹੁੰਚ ਚੁੱਕੀ ਹੈ | ਪਿਛਲੇ ਸਾਲ ਸਾਦਿਕ ਦੀਆਂ ਮੰਡੀਆਂ 'ਚ 14 ਲੱਖ ਗੱਟੇ ਦੇ ਲਗਭਗ ਕਣਕ ਪਹੁੰਚੀ ਸੀ | ਜੇਕਰ ਮੌਸਮ ਠੀਕ ਰਿਹਾ ਤਾਂ ਹੋਰ ਦੋ ਦਿਨਾਂ ਤੱਕ ਮੰਡੀਆਂ 'ਚ ਕਣਕ ਉਤਾਰਨ ਲਈ ਥਾਂ ਨਹੀਂ ਮਿਲਣੀ ਪਰ ਸਰਕਾਰੀ ਖਰੀਦ ਦੀ ਅਜੇ ਕੋਈ ਸੰਭਾਵਨਾਂ ਨਜ਼ਰ ਨਹੀਂ ਆ ਰਹੀ, ਕਿਉਂਕਿ ਖਰੀਦ ਏਜੰਸੀਆਂ ਅਨੁਸਾਰ ਬੇਮੌਸਮੀ ਬਾਰਸ਼ ਤੇ ਤਾਪਮਾਨ 'ਚ ਆਈ ਤਬਦੀਲੀ ਕਾਰਨ ਮੰਡੀਆਂ ਵਿਚ ਆ ਰਹੀ ਕਣਕ ਖਰੀਦ ਮਾਪਦੰਡਾਂ 'ਤੇ ਪੂਰੀ ਨਹੀਂ ਉੱਤਰ ਰਹੀ ਤੇ ਫੀਲਡ ਸਟਾਫ਼ ਨੂੰ ਕਣਕ ਦੀ ਖਰੀਦ ਕਰਨ ਲਈ ਭਾਰੀ ਰਾਜਨੀਤਿਕ ਤੇ ਪ੍ਰਸ਼ਾਸਨਿਕ ਦਬਾਅ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ | ਏਜੰਸੀਆਂ ਅਨੁਸਾਰ ਤਾਲਮੇਲ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਵਲੋਂ ਕਣਕ ਨੂੰ ਯੂ ਆਰ ਐਸ ਘੋਸ਼ਿਤ ਕਰਕੇ ਖਰੀਦ ਮਾਪਦੰਡਾਂ 'ਚ ਢਿੱਲ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਏਜੰਸੀਆਂ ਦਾ ਫ਼ੀਲਡ ਸਟਾਫ਼ ਕਣਕ ਦੀ ਖਰੀਦ ਨਹੀਂ ਕਰ ਸਕਦਾ | ਇਸਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੀ ਜਾਰੀ ਕੀਤੇ ਗਏ ਇਕ ਪੱਤਰ ਵਿਚ ਲਿਖਿਆ ਗਿਆ ਹੈ ਕਿ ਜੋ ਕਣਕ ਸਰਕਾਰੀ ਮਾਪਦੰਡਾਂ ਅਨੁਸਾਰ ਖਰੀ ਨਹੀਂ ਉੱਤਰਦੀ ਉਸਦੀ ਖਰੀਦ ਨਾ ਕੀਤੀ ਜਾਵੇ | ਜਦੋਂ ਕਿ ਕਿਸਾਨ ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠੇ ਖਰੀਦ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਅਜੇ ਕੋਈ ਫ਼ੈਸਲਾ ਨਹੀਂ ਲੈ ਸਕੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁੱਝ ਕਿਸਾਨ ਪ੍ਰਤੀ ਕੁਇੰਟਲ ਇਕ ਕਿਲੋਗ੍ਰਾਮ ਕਾਟ ਦੇ ਕੇ ਵਪਾਰੀਆਂ ਨੂੰ ਸਿੱਧੀ ਕਣਕ ਵੇਚ ਰਹੇ ਹਨ | ਜਿਸ ਨਾਲ ਮਾਰਕੀਟ ਫੀਸ ਦਾ ਘਾਟਾ ਸਰਕਾਰ ਨੂੰ ਹੀ ਪੈ ਰਿਹਾ ਹੈ | ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਕਿਸਾਨੀ ਤੇ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਤੇ ਪ੍ਰਾਈਵੇਟ ਮੰਡੀ ਨੂੰ ਉਤਸ਼ਾਹਿਤ ਕਰ ਰਹੀ ਹੈ | ਕਿਸਾਨਾਂ ਦੀ ਮੰਗ ਹੈ ਕਿ ਸਾਦਿਕ ਇਲਾਕੇ ਵਿਚ ਕਣਕ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਤੇ ਇਹ ਸਰਕਾਰੀ ਮਾਪਦੰਡਾਂ 'ਤੇ ਪੂਰੀ ਉੱਤਰਦੀ ਹੈ | ਇਸ ਲਈ ਇਸ ਇਲਾਕੇ ਵਿਚ ਕਣਕ ਦੀ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ |
ਮਾਰਕੀਟ ਕਮੇਟੀ ਸਾਦਿਕ ਅਧੀਨ ਪੈਂਦੀਆਂ ਮੰਡੀਆਂ 'ਚ ਪੁੱਜੀ 5 ਲੱਖ ਗੱਟੇ ਤੋਂ ਉੱਪਰ ਕਣਕ
ਅਜੀਤ ਡੈਸਕ
14-04-2026