ਕੋਟਕਪੂਰਾ, 13 ਅਪ੍ਰੈਲ (ਮੋਹਰ ਸਿੰਘ ਗਿੱਲ)-ਇਕ ਪਾਸੇ ਪੰਜਾਬ ਵਿਚ ਪਿਛਲੇ ਚਾਰ ਸਾਲਾਂ ਤੋਂ ਹੁਕਮਰਾਨ ਭਗਵੰਤ ਮਾਨ ਸਰਕਾਰ ਵਲੋਂ ਹਰ ਰੋਜ ਮੀਡੀਏ ਵਿਚ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਅਸਲ ਸਥਿਤੀ ਇਹ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਅਨੇਕਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੱਕੇ ਪਿ੍ੰਸੀਪਲਾਂ ਦੀਆਂ ਅਸਾਮੀਆਂ ਪਿਛਲੇ ਕਾਫ਼ੀ ਸਮੇਂ ਤੋਂ ਖ਼ਾਲੀ ਪਈਆਂ ਹੋਣ ਕਾਰਨ ਸਕੂਲਾਂ ਦੇ ਵਿਦਿਆਰਥੀਆਂ ਦੇ ਨਵੇਂ ਦਾਖ਼ਲੇ, ਵਿਦਿਆਰਥੀਆਂ ਦੀ ਪੜ੍ਹਾਈ ਤੇ ਹੋਰ ਪ੍ਰਬੰਧਕੀ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਇਸ ਸਬੰਧ ਵਿਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਦੇ ਪ੍ਰਬੰਧਕੀ ਕੰਮਾਂ ਨੂੰ ਚਲਾਉਣ ਲਈ ਸਟਾਫ਼ ਦੀਆਂ ਤਨਖਾਹਾਂ ਕਢਵਾਉਣ, ਸੇਵਾ ਪੱਤਰੀਆਂ ਮੁਕੰਮਲ ਕਰਨ ਆਦਿ ਕੰਮ ਚਲਾਉਣ ਵਾਸਤੇ ਹੋਰਨਾਂ ਸਕੂਲਾਂ ਵਿਚ ਕੰਮ ਕਰਦੇ ਪੱਕੇ ਪਿ੍ੰਸੀਪਲਾਂ ਨੂੰ ਆਪਣੇ ਸਕੂਲ ਦਾ ਕੰਮਕਾਜ ਕਰਨ ਦੇ ਨਾਲ ਨਾਲ 4 ਜਾਂ 5 ਸਕੂਲਾਂ ਤੱਕ ਖ਼ਾਲੀ ਪਈਆਂ ਪਿ੍ੰਸੀਪਲਾਂ ਦੀਆਂ ਅਸਾਮੀਆਂ ਵਾਲੇ ਸਕੂਲਾਂ ਦੀਆਂ ਡੀ.ਡੀ.ਓ.ਪਾਵਰਾਂ ਦਿੱਤੀਆਂ ਹੋਈਆਂ ਹਨ | ਇਸ ਕਾਰਨ ਪੱਕੇ ਪਿ੍ੰਸੀਪਲ ਭਾਰੀ ਮਾਨਸਿਕ ਪ੍ਰਸ਼ਾਨੀਆਂ ਦੇ ਦੌਰ ਵਿਚੋਂ ਗੁਜਰ ਰਹੇ ਹਨ ਅਤੇ ਸਵੈ ਇੱਛੁਕ ਸੇਵਾ ਮੁਕਤੀ ਲੈਣ ਲਈ ਮਜਬੂਰ ਹੋ ਰਹੇ ਹਨ | ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਜਿੰਦਰ ਪਾਇਲਟ, ਵਿੱਤ ਸਕੱਤਰ ਨਵੀਨ ਸਚਦੇਵਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ, ਸੂਬਾ ਸਲਾਹਕਾਰ ਬਲਕਾਰ ਵਲਟੋਹਾ ਅਤੇ ਪ੍ਰੇਮ ਚਾਵਲਾ ਨੇ ਕਿਹਾ ਕਿ ਜੇਕਰ ਕਿਸੇ ਕਾਨੂੰਨੀ ਅੜਚਣ ਕਾਰਨ ਪਿ੍ੰਸੀਪਲਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਤਰੱਕੀ ਰਾਹੀਂ ਜਾਂ ਸਿੱਧੀ ਭਰਤੀ ਰਾਹੀਂ ਪੰਜਾਬ ਸਰਕਾਰ ਵਲੋਂ ਤੁਰੰਤ ਨਹੀਂ ਭਰੀਆਂ ਜਾ ਸਕਦੀਆਂ ਤਾਂ ਓਨੀਂ ਦੇਰ ਤੱਕ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪਹਿਲ ਕਦਮੀ ਕਰਕੇ ਪਹਿਲਾਂ ਦੀ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੰਮ ਕਰਦੇ ਸੀਨੀਅਰ ਲੈਕਚਰਾਰਾਂ ਨੂੰ ਆਰਜੀ ਤੌਰ 'ਤੇ ਡੀ.ਡੀ.ਓ. ਪਾਵਰਜ ਤੁਰੰਤ ਸ਼ੁਰੂ ਕੀਤੀ ਜਾਵੇ | ਅਜਿਹਾ ਹੋਣ ਨਾਲ ਸਕੂਲ ਦੇ ਪ੍ਰਬੰਧਕੀ ਕਾਰਜਾਂ ਵਿਚ ਸੁਧਾਰ ਵੀ ਆ ਸਕਦਾ ਹੈ, ਸਕੂਲ ਦੇ ਦਫ਼ਤਰੀ ਸਟਾਫ਼ ਅਤੇ ਹੋਰ ਅਧਿਆਪਕਾਂ ਦੀ ਆਪਣੇ ਵਿਦਿਆਰਥੀਆਂ ਤੋਂ ਪਾਸੇ ਜਾ ਕੇ ਪੱਕੇ ਪਿ੍ੰਸੀਪਲਾਂ ਵਾਲੇ ਸਕੂਲਾਂ ਵਿਚ ਜਾ ਕੇ ਹਸਤਾਖ਼ਰ ਕਰਵਾਉਣ ਦੀ ਆਵਾਜਾਈ ਦੀ ਖੱਜਲ ਖੁਆਰੀ ਵੀ ਬੰਦ ਹੋ ਜਾਵੇਗੀ |
ਸੈਕੰਡਰੀ ਸਕੂਲਾਂ 'ਚ ਪੱਕੇ ਪਿ੍ੰਸੀਪਲਾਂ ਦੀਆਂ ਆਸਾਮੀਆਂ ਖ਼ਾਲੀ ਹੋਣ ਕਾਰਨ ਪ੍ਰਸ਼ਾਸਕੀ ਅੜਚਣਾਂ ਕਰਕੇ ਸਕੂਲਾਂ ਦਾ ਪ੍ਰਬੰਧਕੀ ਸੰਕਟ ਗੰਭੀਰ
ਅਜੀਤ ਡੈਸਕ
14-04-2026