ਫ਼ਰੀਦਕੋਟ, 13 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਥਾਨਕ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਅੱਜ ਇਤਿਹਾਸ, ਸ਼ਰਧਾ ਤੇ ਸੰਵਿਧਾਨਕ ਚੇਤਨਾ ਦਾ ਅਨੂਠਾ ਸੰਗਮ ਵੇਖਣ ਨੂੰ ਮਿਲਿਆ | ਵਿਸਾਖੀ ਦੇ ਮੌਸਮ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੀ 135ਵੀਂ ਜਯੰਤੀ ਨੂੰ ਸਮਰਪਿਤ ਕਰਵਾਏ ਵਿਸ਼ੇਸ਼ ਸਮਾਗਮ ਨੇ ਹਰ ਮਨ ਨੂੰ ਝੰਜੋੜ ਕੇ ਰੱਖ ਦਿੱਤਾ | ਸਮਾਗਮ ਦਾ ਸਭ ਤੋਂ ਵੱਧ ਚਰਚਿਤ ਪੱਖ ਰਿਹਾ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਦਸਤਾਰਬੰਦੀ ਮੁਕਾਬਲਾ | ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੀ ਕਾਰਜਕਾਰੀ ਪਿ੍ੰਸੀਪਲ ਸੁਖਦੀਪ ਕੌਰ ਨੇ ਕਿਹਾ ਕਿ ਡਾ. ਅੰਬੇਡਕਰ ਦਾ ਸਾਰਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਕਲਮ ਨਾਲੋਂ ਵੱਡਾ ਕੋਈ ਹਥਿਆਰ ਨਹੀਂ | ਵਾਈਸ ਪਿ੍ੰਸੀਪਲ ਹਰਸਿਮਰਨਜੀਤ ਕੌਰ ਨੇ ਕਿਹਾ ਕਿ ਜਿਸ ਕੌਮ ਦੇ ਬੱਚੇ ਆਪਣੇ ਸੱਭਿਆਚਾਰ 'ਤੇ ਫ਼ਖ਼ਰ ਕਰਨਾ ਜਾਣ ਲੈਣ , ਉਸ ਕੌਮ ਦਾ ਭਵਿੱਖ ਕੋਈ ਖੋਹ ਨਹੀਂ ਸਕਦਾ | ਉਨ੍ਹਾਂ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ |