ਜੈਤੋ, 16 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰੋੜੀਕਪੂਰਾ ਦੇ ਵਸਨੀਕ ਗਰਮੀ ਦੇ ਦਿਨਾਂ 'ਚ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਗੰਭੀਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਦਿਨ ਹੋਵੇ ਜਾਂ ਰਾਤ, ਵਾਰ-ਵਾਰ ਬਿਜਲੀ ਬੰਦ ਹੋਣ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਗਰਮੀ ਦੇ ਤੇਜ਼ ਮੌਸਮ ਵਿਚ ਬਿਜਲੀ ਦੀ ਕਮੀ ਨੇ ਹਾਲਾਤ ਹੋਰ ਵੀ ਨਾਜ਼ੁਕ ਬਣਾ ਦਿੱਤੇ ਹਨ | ਘਰਾਂ ਵਿਚ ਇਨਵਰਟਰ ਬੰਦ ਰਹਿਣ ਕਾਰਨ ਬੱਚੇ, ਬਜ਼ੁਰਗ ਤੇ ਬਿਮਾਰ ਵਿਅਕਤੀ ਸਭ ਤੋਂ ਵੱਧ ਪ੍ਰੇਸ਼ਾਨ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਕੱਟਾਂ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੈ | ਇਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵਧ ਰਹੀ ਹੈ ਤੇ ਉਹ ਸੰਬੰਧਿਤ ਵਿਭਾਗ ਤੋਂ ਤੁਰੰਤ ਹੱਲ ਦੀ ਮੰਗ ਕਰ ਰਹੇ ਹਨ | ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਐਸ.ਡੀ.ਓ. ਜੈਤੋ ਪਾਲ ਸਿੰਘ ਨੇ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਬਿਜਲੀ ਸਪਲਾਈ ਵਿਚ ਕੱਟ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ ਨਿਰਵਿਘਨ ਸਪਲਾਈ ਬਾਰੇ ਫਿਲਹਾਲ ਕੁਝ ਕਹਿਣਾ ਮੁਸ਼ਕਿਲ ਹੈ, ਕਿਉਂਕਿ ਇਸ ਤਰ੍ਹਾਂ ਦੇ ਬਿਜਲੀ ਕੱਟ ਪੰਜਾਬ ਭਰ ਵਿਚ ਲਗ ਰਹੇ ਹਨ |