ਗਿੱਦੜਬਾਹਾ, 19 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਭਗਵਾਨ ਸਿੰਘ ਦੀ ਪ੍ਰਧਾਨਗੀ ਹੇਠ ਗਿੱਦੜਬਾਹਾ ਵਿਖੇ ਹੋਈ | ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿਚ ਜ਼ਿਲ੍ਹਾ ਚੇਅਰਮੈਨ ਹਰਜੀ ਰਾਮ, ਪ੍ਰਧਾਨ ਸਰਬਜੀਤ ਸਿੰਘ ਅਬੋਹਰ, ਬੂਟਾ ਰਾਮ ਕੰਬੋਜ, ਸੁਰਿੰਦਰ ਕੁਮਾਰ ਪੱਪੂ, ਮੁਨਸ਼ੀ ਰਾਮ, ਪਰਮਜੀਤ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰਕੇ ਦਰਜਾਚਾਰ ਮੁਲਾਜ਼ਮਾਂ ਨੂੰ ਦਰਕਿਨਾਰ ਕਰਨ ਦੀ ਨੀਤੀ ਅਪਣਾਈ ਹੋਈ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹੁਣ ਮਾਨ ਸਰਕਾਰ ਇਨ੍ਹਾਂ ਮੰਗਾਂ ਤੋਂ ਪਾਸਾ ਵੱਟ ਰਹੀ ਹੈ ਅਤੇ ਮੁੱਦਿਆਂ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਵਿਚ ਕਰੀਬ 15-20 ਸਾਲ ਤੋਂ ਕੰਮ ਕਰ ਰਹੇ ਪੀ.ਟੀ.ਐੱਸ. ਕਾਮਿਆਂ ਨੂੰ ਸਰਕਾਰ ਦੀ 10 ਸਾਲਾਂ ਪਾਲਸੀ ਤਹਿਤ ਰੈਗੂਲਰ ਕਰਨਾ ਸੀ, ਜਿਸ ਤਰ੍ਹਾਂ ਐਜੂਕੇਸ਼ਨ ਸਿੱਖਿਆ ਵਿਭਾਗ ਵਿਚ ਬੀਤੇ ਸਮੇਂ ਵਿਚ ਕੀਤੇ ਹਨ, ਪ੍ਰੰਤੂ ਇਸ ਦੇ ਉਲਟ ਮਾਨ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਨੂੰ ਠੇਕੇਦਾਰੀ ਸਿਸਟਮ ਵਿਚ ਧੱਕ ਦਿੱਤਾ ਹੈ | ਉਨ੍ਹਾਂ ਮੰਗ ਕੀਤੀ ਕਿ ਪੀ.ਟੀ.ਐੱਸ. ਦੇ ਫ਼ੈਸਲੇ ਨੂੰ ਤੁਰੰਤ ਰੱਦ ਕਰਕੇ ਸਰਕਾਰ ਦੀ 10 ਸਾਲਾਂ ਪਾਲਸੀ ਤਹਿਤ ਸਿੱਖਿਆ ਵਿਭਾਗ ਵਿਚ ਪੱਕੇ ਕੀਤੇ ਕਾਮਿਆਂ ਦੀ ਤਰ੍ਹਾਂ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਰੈਗੂਲਰ ਕੀਤਾ ਜਾਵੇ | ਇਸ ਮੌਕੇ ਲਖਵਿੰਦਰ ਸਿੰਘ, ਤਾਰਾ ਚੰਦ, ਚਰਨਜੀਤ ਸਿੰਘ, ਸੁਖਜੀਤ ਸਿੰਘ, ਹਰਪਾਲ ਸਿੰਘ, ਜਗਰੂਪ ਸਿੰਘ, ਪ੍ਰਕਾਸ਼ ਸਿੰਘ ਹਾਜ਼ਰ ਸਨ |