ਸਾਦਿਕ, 21 ਅਪ੍ਰੈਲ (ਆਰ. ਐਸ. ਧੁੰਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਸਕੂਲ ਵਿਚ ਛੇਵੀਂ ਤੋਂ ਅੱਠਵੀਂ, ਨੌਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਪੇਂਟਿੰਗ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਵੇਸਟ ਮੈਨੇਜਮੈਂਟ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਵਿਦਿਆਰਥੀਆਂ ਨੇ ਰੀਸਾਈਕਲਿੰਗ ਅਤੇ ਕਚਰਾ ਪ੍ਰਬੰਧਨ ਦੇ ਨਵੇਂ ਤਰੀਕਿਆਂ ਨੂੰ ਪ੍ਰਦਰਸ਼ਿਤ ਕੀਤਾ | ਵਿਦਿਆਰਥੀਆਂ ਨੇ ਵਾਤਾਵਰਨ ਸੰਭਾਲ ਨਾਲ ਸੰਬੰਧਿਤ ਵੱਖ-ਵੱਖ ਥੀਮਾਂ 'ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸਭ ਦਾ ਮਨ ਮੋਹ ਲਿਆ | ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਿਨਿਸਟਰੀ ਆਫ ਫੋਰੇਸਟ ਐਂਡ ਕਲਾਈਮਟ ਚੇਂਜ ਦੇ ਅਧੀਨ ਚਲਾਇਆ ਜਾਂਦਾ ਹੈ, ਜਿਸ ਦੀ ਪੰਜਾਬ ਵਿਚ ਸਟੇਟ ਨੋਡਲ ਏਜੰਸੀ ਪੰਜਾਬ ਸਟੇਟ ਕਾਊਾਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਕੁਦਰਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਏ | ਅਖੀਰ ਵਿਚ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਜਗਮੀਤ ਸਿੰਘ, ਕੁਲਵੀਰ ਸਿੰਘ, ਜਸਵੀਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਸੁਰਿੰਦਰ ਕੁਮਾਰ, ਗਿਤੇਸ਼ ਨਾਰੰਗ ਆਦਿ ਵੀ ਹਾਜ਼ਰ ਸਨ |