ਫ਼ਰੀਦਕੋਟ, 23 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੀਤ ਪ੍ਰਧਾਨ ਕੁਲਬੀਰ ਸਿੰਘ ਮੱਤਾ ਪਿਛਲੇ ਦਿਨੀਂ ਪਾਰਟੀ ਤੋਂ ਅਸਤੀਫ਼ਾ ਦੇ ਗਏ ਸਨ | ਉਨ੍ਹਾਂ ਨੂੰ ਮਨਾਉਣ ਲਈ ਅੱਜ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਸ਼ੋ੍ਰਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਕੋਟਕਪੂਰਾ ਵਿਖੇ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਆਏ ਅਤੇ ਉਨ੍ਹਾਂ ਦੇ ਪਾਰਟੀ ਪ੍ਰਤੀ ਗਿਲੇ ਸ਼ਿਕਵੇ ਨੂੰ ਦੂਰ ਕੀਤੇ | ਮਨਪ੍ਰੀਤ ਸਿੰਘ ਇਯਾਲੀ ਨੇ ਕੁਲਬੀਰ ਸਿੰਘ ਮੱਤਾ ਨੂੰ ਸਿਰੋਪਾਉ ਪਾ ਕੇ ਨਵੇਂ ਬਣੇ ਸਾਂਝੇ ਅਕਾਲੀ ਦਲ 'ਚ ਸ਼ਾਮਿਲ ਕੀਤਾ | ਉਨ੍ਹਾਂ ਕੁਲਬੀਰ ਸਿੰਘ ਮੱਤਾ ਨੂੰ ਪਾਰਟੀ ਲਈ ਡੱਟ ਕੇ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਕੁਲਬੀਰ ਸਿੰਘ ਮੱਤਾ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਕਿਹਾ ਕਿ ਪੰਜਾਬ ਦੇ ਹਾਲਾਤ ਪੂਰੀ ਤਰ੍ਹਾਂ ਵਿਗੜ ਰਹੇ ਹਨ | ਤੁਹਾਡੇ ਵਰਗੇ ਆਗੂਆਂ ਨੂੰ ਪੰਜਾਬ ਦੀ ਅਗਵਾਈ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ੇ, ਲੁੱਟ ਖੋਹ, ਕਤਲੋ ਗਾਰਦ ਹੋ ਰਹੀ ਹੈ | ਜਿਹੜਾ ਕਿ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ |