ਸਾਦਿਕ, 26 ਅਪ੍ਰੈਲ (ਆਰ. ਐਸ. ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਸਿੰਘ ਖਾਲਸਾ ਦੀ ਅਗਵਾਈ 'ਚ ਸਾਦਿਕ ਵਿਖੇ ਹੋਈ | ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ 'ਚ ਬਿਜਲੀ ਮਹਿਕਮੇ ਵਲੋਂ ਰਾਤ ਸਮੇਂ ਲਗਾਏ ਜਾ ਰਹੇ ਬਿਜਲੀ ਸਪਲਾਈ ਦੇ ਬੇਲੋੜੇ ਕੱਟਾਂ ਕਾਰਨ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ ਜਦੋਂ ਕਿ ਹੁਣ ਤਾਂ ਵਾਢੀ ਦਾ ਕੰਮ ਵੀ ਖ਼ਤਮ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਖੇਤਾਂ ਦੀ ਬਿਜਲੀ ਸਪਲਾਈ ਵੀ ਨਾ ਮਾਤਰ ਦਿੱਤੀ ਜਾ ਰਹੀ ਹੈ ਜਿਸ ਕਰਕੇ ਪਸ਼ੂਆਂ ਦੇ ਹਰੇ ਚਾਰੇ ਤੇ ਸਬਜ਼ੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ | ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਬਿਜਲੀ ਸਪਲਾਈ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਜੇ.ਈ ਸੁਖਦੇਵ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਨਿਰਵਿਘਨ ਚਾਲੂ ਨਾ ਕੀਤੀ ਗਈ ਤਾਂ ਜਥੇਬੰਦੀ ਤੇਜਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਦਲਜੀਤ ਸਿੰਘ ਮੁਮਾਰਾ, ਜਗਦੀਪ ਸਿੰਘ ਜਨੇਰੀਆਂ, ਸ਼ਿੰਗਾਰਾ ਸਿੰਘ ਕਾਉਣੀ, ਮੌੜ ਸਿੰਘ ਸੈਦੇਕੇ, ਗੁਰਮੀਤ ਸਿੰਘ ਪਿੰਡੀ, ਤਜਿੰਦਰਪਾਲ ਸਿੰਘ ਪਿੰਡੀ, ਅੰਗਰੇਜ ਸਿੰਘ ਘੁੱਦੂਵਾਲਾ, ਸੋਨਾ ਸਿੰਘ ਕਾਉਣੀ ਆਦਿ ਹਾਜ਼ਰ ਸਨ |