ਬਰਗਾੜੀ, 26 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਸਬੰਧੀ ਵਿਦਿਆਰਥੀਆਂ ਦੇ ਭਾਸ਼ਨ, ਕਵਿਤਾ, ਲੇਖ ਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਧਰਤੀ ਦਿਵਸ ਦੀ ਮਹੱਤਤਾ ਨੂੰ ਦਰਸਾਉਂਦੇ ਚਾਰਟ ਬਣਾਏ ਗਏ ਜਿਨ੍ਹਾਂ ਉੱਪਰ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਿਖੇ ਹੋਏ ਸਨ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਮੁੱਖ ਪ੍ਰਬੰਧਕ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਦਿਨ ਦੀ ਸਾਡੇ ਜੀਵਨ 'ਚ ਬੜੀ ਖਾਸ ਮਹੱਤਤਾ ਹੈ ਕਿਉਂਕਿ ਇਸ ਦਿਨ ਪੂਰੀ ਦੁਨੀਆਂ ਦੇ ਲੋਕ ਤੇ ਖਾਸਕਰ ਵਾਤਾਵਰਨ ਪ੍ਰੇਮੀ ਧਰਤੀ ਨੂੰ ਸ਼ੁੱਧ ਅਤੇ ਸਾਫ-ਸੁਥਰੀ ਰੱਖਣ ਦਾ ਅਹਿਦ ਲੈਂਦੇ ਹਨ | ਇਸ ਲਈ ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਘਰਾਂ, ਖੇਤਾਂ ਤੇ ਆਪਣੇ ਆਲੇ ਦੁਆਲੇ ਪਈਆਂ ਖਾਲੀ ਥਾਂਵਾਂ 'ਤੇ ਵੱਧ ਤੋਂ ਵੱਧ ਬੂਟੇ ਲਾ ਕੇ ਰੁੱਖ ਬਣਨ ਤੱਕ ਉਨ੍ਹਾਂ ਦੀ ਸੰਭਾਲ ਕਰਨ | ਸਾਡੇ ਦੇਸ਼ ਤੇ ਖਾਸਕਰ ਪੰਜਾਬ 'ਚ ਜੰਗਲਾਂ ਹੇਠਲਾ ਰਕਬਾ ਬਹੁਤ ਘੱਟ ਗਿਆ ਹੈ ਜਿਸ ਕਰਕੇ ਪੰਜਾਬ ਦੇ ਲੋਕ ਸਾਹ, ਦਮਾ, ਕੈਂਸਰ ਦਿਲ ਦੇ ਦੌਰਿਆਂ ਸਮੇਤ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਮੌਕੇ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ, ਪੂਜਾ ਰਾਣੀ, ਗੁਰਮੀਤ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ, ਜਗਮੀਤ ਕੌਰ, ਵੀਰਪਾਲ ਕੌਰ, ਪ੍ਰਦੀਪ ਕੌਰ, ਹਰਜੀਤ ਕੌਰ ਆਦਿ ਹਾਜ਼ਰ ਸਨ |