ਕੋਟਕਪੂਰਾ, 27 ਅਪ੍ਰੈਲ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਵਾਂਦਰ ਜਟਾਣਾ ਤੋਂ ਹੁੰਦੇ ਹੋਏ ਪਿੰਡ ਫਿੱਡੇ ਖੁਰਦ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਰਸਤੇ ਵਿਚ ਪੈਦੇ ਪੁਲ਼ ਸੂੁਆ ਬਾਹੱਦ ਰਕਬਾ ਪਿੰਡ ਫਿੱਡੇ ਖੁਰਦ ਪੁੱਜੀ ਤਾਂ ਸੜਕ ਦੀ ਖੱਬੀ ਸਾਈਡ ਸੂਏ ਦੀ ਪਟੜੀ 'ਤੇ ਲੱਗੇ ਬੋਹੜ ਦੇ ਦਰੱਖ਼ਤ ਹੇਠ ਬੈਠੇ 2 ਮੋਨੇ ਨੌਜਵਾਨ ਜੋ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਵਿਚੋਂ ਕੋਈ ਚੀਜ਼ ਸੁੰਘਦੇ ਹੋਏ ਦਿਖਾਈ ਦਿੱਤੇ | ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਮੋਮੀ ਲਿਫ਼ਾਫ਼ੀ ਥੱਲੇ ਜ਼ਮੀਨ ਉਪਰ ਰੱਖ ਕੇ ਉਕਤ ਦੋਵੇਂ ਮੋਨੇ ਨੌਜਵਾਨ ਘਬਰਾ ਕੇ ਖੜੇ ਹੋ ਕੇ ਆਪਣੇ ਸੱਜੇ ਹੱਥ ਪਟੜੀ ਵੱਲ ਖਿਸਕਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਪੁਲਿਸ ਨੇ ਇਨ੍ਹਾਂ ਕੋਲੋਂ 4.21 ਗਰਾਮ ਹੈਰੋਇਨ ਬਰਾਮਦ ਕੀਤੀ | ਇਸ ਸਬੰਧ 'ਚ ਪੁਲਿਸ ਨੇ ਸਤਨਾਮ ਸਿੰਘ ਵਾਸੀ ਪਿੰਡ ਭੁੱਟੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਸਭਜਗਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਪਿੰਡ ਧੂੜਕੋਟ ਰਣਸੀਹ, ਜ਼ਿਲ੍ਹਾ ਮੋਗਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |