ਨੱਥੂਵਾਲਾ ਗਰਬੀ, 4 ਮਈ (ਨਵਦੀਪ ਸਿੰਘ)-ਜਦੋਂ ਤੋਂ ਆਪ ਸਰਕਾਰ ਹੋਂਦ ਵਿਚ ਆਈ ਤਾਂ ਕਿਹਾ ਜਾ ਰਿਹਾ ਸੀ ਕਿ ਕਿਸੇ ਨੂੰ ਵੀ ਧਰਨਾ ਪ੍ਰਦਰਸ਼ਨ ਦੀ ਲੋੜ ਨਹੀ ਪਵੇਗੀ ਪਰ ਪੂਰੇ ਪੰਜਾਬ ਵਿਚ ਕੋਈ ਵੀ ਕੰਮ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਹੀ ਹੁੰਦਾ ਹੈ | ਇਹ ਕਹਿਣਾ ਹੈ ਮਜ਼ਦੂਰ ਆਗੂ ਤਰਸੇਮ ਸਿੰਘ ਲੰਗੇਆਣਾ ਦਾ | ਇਸ ਦੀ ਤਾਜ਼ਾ ਮਿਸਾਲ ਅੱਜ ਬਾਘਾ ਪੁਰਾਣਾ ਮੁਦਕੀ ਸੜਕ 'ਤੇ ਬਣੀ ਦਾਣਾ ਮੰਡੀ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਕਣਕ ਦੀ ਚੁਕਵਾਈ ਨਾ ਹੋਣ ਕਾਰਨ ਨੈਸ਼ਨਲ ਹਾਈਵੇ ਸੜਕ ਨੂੰ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਇਸ ਧਰਨੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਮੁਖੀ ਬਾਘਾ ਪੁਰਾਣਾ ਜਨਕ ਰਾਜ ਵੀ ਇਸ ਰੋਸ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚੇ ਅਤੇ ਮਜ਼ਦੂਰ ਵੀਰਾਂ ਨਾਲ ਗੱਲਬਾਤ ਕਰਕੇ ਜਾਮ ਹੋਈ ਸੜਕ ਨੂੰ ਖੁਲ੍ਹਵਾ ਦਿੱਤਾ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜ਼ਦੂਰ ਆਗੂ ਤਰਸੇਮ ਸਿੰਘ ਲੰਗੇਆਣਾ ਨੇ ਕਿਹਾ ਕਿ 14 ਅਪ੍ਰੈਲ ਦੀ ਭਰੀ ਹੋਈ ਕਣਕ ਨੂੰ ਅਜੇ ਤੱਕ ਚੁੱਕਿਆ ਨਹੀ ਗਿਆ ਅਤੇ ਇਸ ਮੰਡੀ ਨੂੰ 22 ਗੱਡੀਆਂ ਹੀ ਮਿਲੀਆਂ ਹਨ ਅਤੇ ਉਹ ਗੱਡੀਆਂ ਸਟੋਰਾਂ ਵਿਚ ਜਾ ਕੇ ਫਸ ਜਾਂਦੀਆਂ ਹਨ ਅਤੇ ਲੇਬਰ ਵਾਲੇ ਵੀਰਾਂ ਨੂੰ ਸਮੱਸਿਆ ਆ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਕਣਕ ਦੀ ਕਟੌਤੀ ਵੀ ਸਾਨੂੰ ਪਾਈ ਜਾ ਰਹੀ ਹੈ | ਇਸ ਸਬੰਧੀ ਜਦ ਸਟੋਰ ਮਾਲਕ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਕੋਲ ਲੇਬਰ ਦੀ ਘਾਟ ਹੋਣ ਕਾਰਨ ਟਰੱਕ ਸਾਡੇ ਸਟੋਰ ਵਿਚ ਫਸੇ ਹੋਏ ਹਨ | *ਕੀ ਕਹਿਣਾ ਵੇਅਰ ਹਾਊਸ ਮੈਨੇਜਰ ਕੁਲਵਿੰਦਰ ਸਿੰਘ ਦਾ-ਦਾਣਾ ਮੰਡੀ ਲੰਗੇਆਣਾ ਵਿਚੋਂ ਕਣਕ ਨਾ ਚੁੱਕੇ ਜਾਣ ਤੇ ਇਸ ਰੋਸ ਪ੍ਰਦਰਸ਼ਨ ਸਬੰਧੀ ਵੇਅਰ ਹਾਊਸ ਮੈਨੇਜਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਇਸ ਮੰਡੀ ਵਿਚ ਗੱਡੀਆਂ ਵਧਾ ਦਿੱਤੀਆਂ ਜਾਣਗੀਆਂ ਅਤੇ ਤਿੰਨ ਦਿਨ ਵਿਚ ਕਣਕ ਚੁੱਕ ਲਈ ਜਾਵੇਗੀ |