ਗਿੱਦੜਬਾਹਾ, 5 ਮਈ (ਸ਼ਿਵਰਾਜ ਸਿੰਘ ਬਰਾੜ)- ਕੋਈ ਸਮਾਂ ਸੀ ਕਿ ਗਿੱਦੜਬਾਹਾ ਸੁੰਦਰ ਸ਼ਹਿਰ ਤੇ ਖੁੱਲ੍ਹੇ ਬਾਜ਼ਾਰਾਂ ਕਰਕੇ ਜਾਣਿਆ ਜਾਂਦਾ ਸੀ | ਸਮੇਂ ਨੇ ਅਜਿਹੀ ਕਰਵਟ ਲਈ ਕਿ ਹੁਣ ਨਾਜਾਇਜ਼ ਕਬਜ਼ੇ, ਸਫ਼ਾਈ, ਪੁੱਟੀਆਂ ਸੜਕਾਂ ਦੀ ਧੀਮੀ ਮੁਰੰਮਤ ਅਤੇ ਟ੍ਰੈਫ਼ਿਕ ਦਾ ਐਨਾ ਮਾੜਾ ਹਾਲ ਦੇਖ ਕੇ ਲੱਗਦੈ ਕਿ ਸ਼ਹਿਰ ਦਾ ਕੋਈ ਵਾਰਿਸ ਨਹੀਂ ਹੈ | ਅਖੌਤੀ ਸਿਆਸੀ ਆਗੂ ਹਲਕਾ ਗਿੱਦੜਬਾਹਾ ਦੇ ਵਿਕਾਸ ਦੀਆਂ ਫੌਕੀਆਂ ਟਾਹਰਾਂ ਮਾਰਦੇ ਥੱਕਦੇ ਨਹੀਂ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਦੂਰ-ਦੁਰਾਡੇ ਤੱਕ ਖੁੱਲ੍ਹੇ ਸ਼ਹਿਰ ਦੇ ਨਾਲ-ਨਾਲ ਸਫ਼ਾਈ ਪੱਖੋਂ ਵਧੀਆ ਸ਼ਹਿਰਾਂ ਵਿਚੋਂ ਇਕ ਸ਼ਹਿਰ ਸੀ | ਤਾਜ਼ਾ ਸਥਿਤੀ ਇਹ ਹੈ ਕਿ ਸ਼ਹਿਰ ਦਾ ਕੋਈ ਅਜਿਹਾ ਮੁਹੱਲਾ ਜਾਂ ਸੜਕ ਨਹੀਂ ਹੈ, ਜਿੱਥੇ ਗੰਦਗੀ ਦੇ ਪਏ ਢੇਰਾਂ ਦੇ ਦਰਸ਼ਨ ਨਾ ਹੋ ਸਕਣ | ਕਈ ਵਰਿ੍ਹਆਂ ਤੋਂ ਨਗਰ ਕੌਂਸਲ ਗੰਦਗੀ ਨੂੰ ਸੰਭਾਲਣ ਲਈ ਕੋਈ ਆਪਣਾ ਸਥਾਈ ਡੰਪ ਸਥਾਪਤ ਕਰਨ ਵਿਚ ਨਾਕਾਮ ਰਹੀ ਹੈ | ਇਥੇ ਹੀ ਬੱਸ ਨਹੀਂ, ਨਗਰ ਕੌਂਸਲ ਦੀ ਵੱਡੀ ਕਾਮਯਾਬੀ ਇਹ ਹੈ ਕਿ ਕਥਿਤ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਨੂੰ ਠੱਲ੍ਹ ਨਹੀਂ ਪਾਈ ਜਾ ਰਹੀ | ਕਥਿਤ ਨਾਜਾਇਜ਼ ਉਸਾਰੀਆਂ ਧੜਾਧੜ ਹੋ ਰਹੀਆਂ ਹਨ | ਸ਼ਹਿਰ ਵਾਸੀਆਂ ਦੀਆਂ ਅੱਖ ਵਿਚ ਘੱਟਾ ਪਾਉਣ ਲਈ ਕੌਂਸਲ ਦੇ ਕਰਮਚਾਰੀ ਕਦੇ-ਕਦਾਈ ਨਾਜਾਇਜ਼ ਕਬਜ਼ੇ ਹਟਾਉਣ ਲਈ ਆਪਣਾ ਪੂਰਾ ਅਮਲਾ ਲੈ ਕੇ ਤਾਂ ਜਾਂਦੇ ਹਨ, ਪ੍ਰੰਤੂ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਹੀ ਰਹਿੰਦੀ ਹੈ | ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀਆਂ ਜ਼ਮੀਨਦੋਜ ਪਾਈਪਾਂ ਪਾਈਆਂ ਗਈਆਂ ਹਨ | ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ | ਸ਼ਹਿਰ ਅੰਦਰ ਉਡਦੀ ਧੂੜ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਬਿਮਾਰ ਬਜ਼ੁਰਗਾਂ ਲਈ ਗੰਦੀ ਧੂੜ ਘਾਤਕ ਸਿੱਧ ਹੋ ਰਹੀ ਹੈ | ਭੱਠੀ ਵਾਲੇ ਮੋੜ ਤੋਂ ਸਟੇਡੀਅਮ ਤੱਕ ਸੀਵਰੇਜ ਦੀ ਧੀਮੀ ਗਤੀ ਨਾਲ ਪਾਈਪ ਪਾਈ ਗਈ ਹੈ ਅਤੇ ਇਹ ਰਸਤਾ ਆਵਾਜਾਈ ਲਈ ਬੰਦ ਹੈ | ਅਸਚਰਜ ਦੀ ਗੱਲ ਇਹ ਹੈ ਕਿ ਉਕਤ ਰਸਤੇ 'ਤੇ ਉਡਦੀ ਧੂੜ ਨੂੰ ਦਬਾਉਣ ਲਈ ਪਾਣੀ ਦਾ ਛਿੜਕਾਅ ਤੱਕ ਨਹੀਂ ਕਰਵਾਇਆ ਜਾ ਰਿਹਾ ਅਤੇ ਸੜਕ ਦੇ ਆਸਪਾਸ ਦੇ ਦੁਕਾਨਦਾਰ ਤੇ ਘਰਾਂ ਵਿਚ ਧੂੜ ਨੇ ਬੁਰਾ ਹਾਲ ਕਰ ਰੱਖਿਆ ਹੈ | ਦੁਕਾਨਦਾਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ | ਉਕਤ ਪ੍ਰਭਾਵਿਤ ਰਸਤਿਆਂ 'ਤੇ ਆਵਾਜਾਈ ਬੰਦ ਹੋਣ ਕਰਕੇ ਸਾਰਾ ਟ੍ਰੈਫ਼ਿਕ ਇਕ ਪਾਸੜ ਹੋ ਜਾਣ ਤੋਂ ਇਲਾਵਾ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਕਾਰਨ ਆਵਾਜਾਈ ਵਿਚ ਵੱਡਾ ਵਿਘਨ ਪੈ ਰਿਹਾ ਹੈ, ਜਿਸ ਨਾਲ ਸਾਰਾ ਦਿਨ ਟ੍ਰੈਫ਼ਿਕ ਜਾਮ ਰਹਿੰਦਾ ਹੈ | ਹੁਸਨਰ ਚੌਂਕ ਤੇ ਭਾਰੂ ਚੌਂਕ ਤੋਂ ਸ਼ਹਿਰ ਅੰਦਰ ਆਉਣ ਲਈ ਆਮ ਲੋਕਾਂ ਨੂੰ ਵੱਡੀ ਜੱਦੋ-ਜਹਿਦ ਉਪਰੰਤ ਹੀ ਦਾਖ਼ਲ ਹੋਣਾ ਪੈਂਦਾ ਹੈ | ਸ਼ਹਿਰ ਅੰਦਰ ਬਹੁਤੇ ਦੁਕਾਨਦਾਰਾਂ ਨੇ ਤਾਂ 10 ਤੋਂ 12 ਫੁੱਟ ਸੜਕ ਰੋਕੀ ਹੋਈ ਹੈ | ਸੂਤਰ ਦੱਸਦੇ ਹਨ ਕਿ ਕਈ ਦੁਕਾਨਦਾਰ ਤਾਂ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਖੜ੍ਹੀਆਂ ਕਰਨ ਦੀ ਰੋਜ਼ਾਨਾ ਵਸੂਲੀ ਕਰ ਰਹੇ ਹਨ | ਚਰਚਾ ਇਹ ਹੈ ਕਿ ਕੁਝ ਕਰਮਾਚਾਰੀਆਂ ਦੀ ਕਥਿਤ ਮਿਲੀਭੁਗਤ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਰੇਲਵੇ ਫਾਟਕ ਕੋਲ ਸਬਜ਼ੀ ਮੰਡੀ ਵਿਚ ਕੋਈ ਸੁਚੱਜੀ ਸਫ਼ਾਹੀ ਦਾ ਪ੍ਰਬੰਧ ਨਹੀਂ ਹੈ ਅਤੇ ਗੰਦਗੀ ਦੇ ਡੰਪ ਦੀ ਬਦਬੂ ਤੇ ਬਿਮਾਰੀਆਂ ਦੇ ਕੀਟਾਣੂ ਸਬਜ਼ੀਆਂ ਨੂੰ ਦੂਸ਼ਿਤ ਕਰ ਰਹੇ ਹਨ | ਹਾਰ ਆਮ ਤੇ ਸਮਾਜ ਸੇਵੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਵਿਗੜਿਆ ਹੋਇਆ ਸ਼ਹਿਰ ਦਾ ਮੂੰਹ ਮੱਥਾ ਸੰਵਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ |