ਮਲੋਟ, 5 ਮਈ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਨੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਨਵੇਂ ਸਕੂਲੀ ਵਿਦਿਆਰਥੀਆਂ ਲਈ ਐੱਨ.ਸੀ.ਸੀ. ਵਿਚ ਭਰਤੀ ਪ੍ਰੋਗਰਾਮ ਕਰਵਾਇਆ ਗਿਆ | ਇਹ ਭਰਤੀ ਪ੍ਰੋਗਰਾਮ ਕਰਨਲ ਭੁਪਿੰਦਰ ਸਿੰਘ ਮਾਨ, ਸੂਬੇਦਾਰ ਮੇਜਰ ਮਨਜੀਤ ਸਿੰਘ, ਏ.ਐੱਨ.ਓ. ਮਨਪ੍ਰੀਤ ਕੌਰ, ਹੌਲਦਾਰ ਫਰਹਤ ਅਤੇ ਸੀ.ਐੱਚ.ਐੱਮ. ਅਬਦੁਲ ਹਮੀਦ ਦੀ ਅਗਵਾਈ ਹੇਠ ਕਰਵਾਇਆ ਗਿਆ | ਐੱਨ.ਸੀ.ਸੀ. ਕੈਡਿਟਾਂ ਨੂੰ ਐੱਨ.ਸੀ.ਸੀ. ਵਿਚ ਸ਼ਾਮਿਲ ਹੋਣ 'ਤੇ ਵਧਾਈ ਦਿੱਤੀ ਗਈ ਅਤੇ ਵਿਦਿਆਰਥੀ ਜੀਵਨ ਵਿਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਕੈਡਿਟਾਂ ਨੂੰ ਸੰਬੋਧਨ ਕਰਦਿਆਂ ਐੱਨ.ਸੀ.ਸੀ. ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਐੱਨ.ਸੀ.ਸੀ. ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ, ਉੱਥੇ ਹੀ ਇਹ ਉਨ੍ਹਾਂ ਵਿਚ ਅਨੁਸ਼ਾਸਨ ਤੇ ਦੇਸ਼ ਭਗਤੀ ਦੇ ਕੀਮਤੀ ਗੁਣ ਵੀ ਪੈਦਾ ਕਰਦਾ ਹੈ | ਇਹ ਹਰ ਕਿਸੇ ਵਿਚ ਆਪਣੇ ਰਾਸ਼ਟਰੀ ਝੰਡੇ ਪ੍ਰਤੀ ਮਾਣ, ਸਤਿਕਾਰ ਤੇ ਦੇਸ਼ ਭਗਤੀ ਪੈਦਾ ਕਰਦਾ ਹੈ | ਇਹ ਉਨ੍ਹਾਂ ਨੂੰ ਆਪਣੇ ਦੇਸ਼ ਦੇ ਚੰਗੇ ਨਾਗਰਿਕ ਬਣਨ ਵਿਚ ਵੀ ਮਦਦ ਕਰਦਾ ਹੈ |