ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਝੋਟੀਵਾਲਾ (ਫ਼ਰੀਦਕੋਟ) ਦੇ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ਉੱਪਰ ਹੋਣ ਜਾ ਰਹੇ ਕਬਜ਼ੇ ਦਾ ਡੱਟ ਕੇ ਵਿਰੋਧ ਕੀਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ਦਾ ਕਬਜ਼ਾ ਵਾਰੰਟ ਜਾਰੀ ਹੋਇਆ ਸੀ ਤੇ ਪ੍ਰਸ਼ਾਸਨ ਪਿੰਡ ਦੇ ਆੜ੍ਹਤੀਏ ਰਘੁਬੀਰ ਸਿੰਘ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ | ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਰਜਿੰਦਰ ਕਿੰਗਰਾ, ਬਲਾਕ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਨੇ ਦੱਸਿਆ ਕਿ ਕਿਸਾਨ ਹਿੰਮਤ ਸਿੰਘ ਨੇ ਪਿੰਡ ਦੇ ਹੀ ਆੜ੍ਹਤੀਏ ਰਘਵੀਰ ਸਿੰਘ ਕੋਲੋ ਗਿਆਰਾਂ ਲੱਖ ਪੰਜਾਹ ਹਜ਼ਾਰ ਰੁਪਏ ਵਿਆਜ਼ ਉੱਪਰ ਲਏ ਤਾਂ ਜੋ ਉਹ ਆਪਣੇ ਬੇਟੇ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜ ਸਕੇ | ਇਸ ਲਈ ਰਘਵੀਰ ਸਿੰਘ ਨੇ ਕਿਸਾਨ ਹਿੰਮਤ ਸਿੰਘ ਕੋਲੋਂ ਜ਼ਮੀਨ 'ਤੇ ਇਕਰਾਰਨਾਮਾ ਕਰਵਾ ਲਿਆ | ਕੁਝ ਸਮੇਂ ਬਾਅਦ ਕਿਸਾਨ ਹਿੰਮਤ ਸਿੰਘ ਨੇ ਪੰਜ ਲੱਖ ਰੁਪਏ ਵਾਪਸ ਕਰ ਦਿੱਤੇ, ਪਰ ਪੈਸੇ ਲੈ ਕੇ ਵੀ ਧਨਾਡ ਰਘਵੀਰ ਸਿੰਘ ਨੇ ਅਦਾਲਤ ਰਾਹੀਂ ਕੇਸ ਕਰਕੇ ਜ਼ਮੀਨ ਨੱਪਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ | ਇਹ ਮਸਲਾ ਕਿਸਾਨ ਹਿੰਮਤ ਸਿੰਘ ਨੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ ਅਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਕੋਲ ਰੱਖਿਆ | ਇਸ ਤੋਂ ਬਾਅਦ ਯੂਨੀਅਨ ਵਲੋ ਪਿੰਡ ਦੇ ਲੋਕਾਂ ਤੋਂ ਇਸ ਮਸਲੇ ਦਾ ਪਤਾ ਕੀਤਾ ਤਾਂ ਪਤਾ ਲੱਗਾ ਕਿ ਕਿਸਾਨ ਹਿੰਮਤ ਸਿੰਘ ਨੇ ਜ਼ਮੀਨ ਵੇਚਣ ਲਈ ਨਹੀਂ ਸਿਰਫ ਵਿਆਜ ਲਈ ਹੀ ਪੈਸੇ ਲਏ ਸਨ, ਪਰ ਜ਼ਮੀਨ ਦੇ ਰੇਟ ਵਧਣ ਕਰਕੇ ਰਘਬੀਰ ਸਿੰਘ ਦੀ ਨੀਅਤ ਖ਼ਰਾਬ ਹੋ ਗਈ | ਯੂਨੀਅਨ ਵਲੋਂ ਰਘਵੀਰ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਕਿ ਉਸਦੇ ਜੋ ਜਾਇਜ਼ ਪੈਸੇ ਹਨ ਉਹ ਵਾਪਸ ਕਰਵਾ ਕੇ ਇਸ ਮਸਲੇ ਦਾ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ ਪਰ ਰਘਵੀਰ ਸਿੰਘ ਵਲੋਂ ਨਾਂਹ ਕਰ ਦਿੱਤੀ ਗਈ | ਅਦਾਲਤ ਰਾਹੀਂ ਹਿੰਮਤ ਸਿੰਘ ਇਹ ਕੇਸ ਹਾਰ ਜਾਣ ਤੋਂ ਬਾਅਦ 4 ਮਈ ਲਈ ਕਬਜ਼ਾ ਵਾਰੰਟ ਜਾਰੀ ਹੋ ਗਏ ਪਰ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਇਸ ਦਾ ਡੱਟ ਕ ਵਿਰੋਧ ਕੀਤਾ ਗਿਆ | ਇਸ ਮੌਕੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਕਿਸਾਨ ਦੀ ਜ਼ਮੀਨ 'ਤੇ ਕਿਸੇ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜੇਕਰ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਤਾਂ ਡੱਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਗੁਰਜੀਤ ਬਰਾੜ ਦੀਪ ਸਿੰਘ ਵਾਲਾ, ਨਿਸ਼ਾਨ ਭੁੱਲਰ, ਭੁਪਿੰਦਰ ਕਿੰਗਰਾ, ਸਤਿੰਦਰ ਸਿੰਘ ਰਾਜਾ ਕਿਲੀ, ਕੁਲਵਿੰਦਰ ਬੀਹਲੇਵਾਲਾ, ਜੋਗਿੰਦਰ ਸਿੰਘ ਕਾਉਣੀ, ਹਰਮੇਲ ਸਿੰਘ ਚੰਨੀਆਂ ਆਦਿ ਆਗੂ ਹਾਜ਼ਰ ਸਨ!