ਫ਼ਰੀਦਕੋਟ, 9 ਮਈ (ਜਸਵੰਤ ਸਿੰਘ ਪੁਰਬਾ)-ਸੰਜੀਵ ਜੋਸ਼ੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਵਲੋਂ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਲਗਾਈ ਗਈ | ਜਿਸ ਦੇ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੀਆਂ ਅਦਾਲਤਾਂ ਵਿਚ 6 ਬੈਂਚ, ਸਥਾਈ ਲੋਕ ਅਦਾਲਤ ਵਿਖੇ 1 ਬੈਂਚ, ਸਬ ਡਵੀਜਨ ਜੈਤੋ ਵਿਖੇ 1 ਬੈਂਚ ਬਣਾਇਆ ਗਿਆ | ਇਸ ਲੋਕ ਅਦਾਲਤ ਵਿਚ 12491 ਕੇਸਾਂ ਵਿਚੋਂ 8308 ਕੇਸਾਂ ਦਾ ਨਿਪਟਾਰਾ ਕਰਕੇ 8,24,67,167/- ਰੁਪਏ ਦੇ ਅਵਾਰਡ ਪਾਸ ਕੀਤੇ ਗਏ ਅਤੇ ਇਸ ਵਿਚੋਂ ਪ੍ਰੀ ਲਿਟੀਗੇਸ਼ਨ ਸਟੇਜ਼ 'ਤੇ 11755 ਕੇਸਾਂ ਵਿਚੋਂ 7965 ਕੇਸਾਂ ਦਾ ਨਿਪਟਾਰਾ ਕਰਕੇ 87,09,099/- ਰੁਪਏ ਦੇ ਅਵਾਰਡ ਪਾਸ ਕੀਤੇ ਗਏ | ਇਸ ਲੋਕ ਅਦਾਲਤ ਵਿਚ ਵੱਖ ਵੱਖ ਤਰ੍ਹਾਂ ਦੇ ਕੇਸਾਂ ਦਾ ਜਿਵੇਂ ਕਿ ਦੀਵਾਨੀ ਕੇਸ, ਰਾਜੀਨਾਮਾ ਹੋਣ ਯੋਗ ਫੌਜਦਾਰੀ ਕੇਸ, ਚੈੱਕ ਬਾਊਾਸ, ਰਿਕਵਰੀ ਦੇ ਕੇਸ, ਟਰੈਫਿਕ ਚਲਾਨ ਅਤੇ ਘਰੇਲੂ ਝਗੜਿਆਂ ਦੇ ਕੇਸ ਅਤੇ ਪ੍ਰੀ ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ | ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਲੋਕ ਅਦਾਲਤ ਵਿਚ ਫ਼ੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ | ਲੋਕ ਅਦਾਲਤ ਵਿਚ ਹੋਏ ਫ਼ੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫ਼ੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁਕੱਦਮੇ ਬਾਜ਼ੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪ੍ਰੇਸ਼ਾਨੀਆਂ ਤੋਂ ਧਿਰਾਂ ਨੂੰ ਮੁਕਤੀ ਮਿਲਦੀ ਹੈ | ਇਸ ਤੋਂ ਇਲਾਵਾ ਜੱਜ ਸਾਹਿਬ ਨੇ ਮਿਡੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਡੀਏਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾਂ ਦਾ ਫ਼ੈਸਲਾ ਆਪਸੀ ਰਾਜੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿਚ ਕੇਸ ਕਰਨ ਤੋਂ ਅਸਮਰਥ ਉਹ ਵੀ ਮਿਡੀਏਸ਼ਨ ਸੈਂਟਰ ਵਿਚ ਦਰਖਾਸਤ ਦੇ ਕੇ ਅਪਣੇ ਕੇਸ ਦੀ ਸੁਣਵਾਈ ਕਰਵਾ ਸਕਦੇ ਹਨ ਅਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖਤਮ ਕਰ ਸਕਦੇ ਹਨ | ਮਿਡੀਏਸ਼ਨ ਵਿਚ ਫੈਸਲਾ ਹੋਏ ਕੇਸਾਂ ਵਿਚ ਧਿਰਾਂ ਦਾ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ | ਮਾਨਯੋਗ ਸੀ. ਜੇ. ਐਮ. ਵਲੋਂ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ |