17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਕਿਸਾਨਾਂ ਨੇ ਵੱਟਿਆ ਪਾਸਾ

Ad Position 21
No active advertisement
ਅਜੀਤ ਡੈਸਕ 22-05-2026
ਜੈਤੋ, 21 ਮਈ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਵਿਚ ਇਸ ਵਾਰ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਹੈ | ਭਾਵੇਂ ਕਿ ਸਰਕਾਰ ਵਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਕਿਸਾਨ ਇਸ ਤਰੀਕੇ ਨੂੰ ਅਪਣਾਉਣ ਵਿਚ ਘੱਟ ਰੁਚੀ ਦਿਖਾ ਰਹੇ ਹਨ | 'ਅਜੀਤ' ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਕਿਸਾਨ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਹਰਜੀਤ ਸਿੰਘ ਬਰਾੜ ਰਾਮੰੂਵਾਲਾ, ਹਰਮਨਪ੍ਰੀਤ ਸਿੰਘ ਭਗਤੂਆਣਾ, ਜਸਕਰਨ ਸਿੰਘ ਬਰਾੜ ਰੋੜੀਕਪੂਰਾ, ਲਖਵਿੰਦਰ ਸਿੰਘ ਗਿੱਲ ਰਾਮੇਆਣਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਸਿੱਧੀ ਬਿਜਾਈ ਨਾਲ ਉਨ੍ਹਾਂ ਨੂੰ ਝੋਨੇ ਦੀ ਪੈਦਾਵਾਰ ਵਿਚ ਘਾਟਾ ਵੇਖਣ ਨੂੰ ਮਿਲਿਆ | ਉਨ੍ਹਾਂ ਮੁਤਾਬਿਕ ਡੀ.ਐਸ.ਆਰ. ਤਰੀਕੇ ਨਾਲ ਬੀਜੇ ਗਏ ਝੋਨੇ ਵਿਚ ਜੰਗਲੀ ਘਾਹ ਦੀ ਸਮੱਸਿਆ ਵੱਧ ਰਹੀ ਹੈ ਅਤੇ ਫ਼ਸਲ ਦੀ ਸੰਭਾਲ ਲਈ ਵਾਧੂ ਖਰਚਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਪਾਣੀ ਦੀ ਸਮੇਂ ਸਿਰ ਉਪਲਬਧਤਾ ਨਾ ਹੋਣ ਕਾਰਨ ਵੀ ਫ਼ਸਲ ਪ੍ਰਭਾਵਿਤ ਹੋਈ | ਉਨ੍ਹਾਂ ਕਿਹਾ ਕਿ ਜਦ ਤੱਕ ਖੇਤੀ ਦੇ ਆਉਣ ਵਾਲੇ ਖਰਚੇ ਤੇ ਮੁਨਾਫ਼ੇ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਯੋਗ ਸਾਧਨਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਨਹੀਂ ਮੋੜਿਆ ਜਾ ਸਕਦਾ | ਕਿਸਾਨਾਂ ਦਾ ਮੰਨਣਾ ਹੈ ਕਿ ਸਿਰਫ਼ 1500 ਰੁਪਏ ਦੀ ਸਹਾਇਤਾ ਨਾਲ ਕਿਸਾਨਾਂ ਨੂੰ ਡੀ.ਐਸ.ਆਰ. ਵੱਲ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ | ਸਰਕਾਰ ਇਸ ਤਕਨੀਕ ਨੂੰ ਬੜਾਵਾ ਦੇਣਾ ਚਾਹੁੰਦੀ ਹੈ ਤਾਂ ਪਹਿਲਾਂ ਕਿਸਾਨਾਂ ਨੂੰ ਭਰੋਸੇਯੋਗ ਨਤੀਜੇ ਅਤੇ ਪੂਰੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣੀ ਪਵੇਗੀ | ਖੇਤੀਬਾੜੀ ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਨਾਲ 15 ਤੋਂ 25 ਫ਼ੀਸਦੀ ਤੱਕ ਪਾਣੀ ਦੀ ਬਚਤ ਹੁੰਦੀ ਹੈ ਅਤੇ ਮਜ਼ਦੂਰੀ ਖਰਚ ਵੀ ਘਟਦਾ ਹੈ | ਇਕ ਏਕੜ ਵਿਚ ਲਗਪਗ 3 ਤੋਂ 5 ਲੱਖ ਲੀਟਰ ਤੱਕ ਪਾਣੀ ਘੱਟ ਲੱਗ ਸਕਦਾ ਹੈ ਪਰ ਜੇਕਰ ਮੌਸਮ ਅਤੇ ਖੇਤੀ ਪ੍ਰਬੰਧ ਢੰਗ ਨਾਲ ਨਾ ਹੋਵੇ ਤਾਂ ਝਾੜ 'ਤੇ ਅਸਰ ਪੈ ਸਕਦਾ ਹੈ | ਕਈ ਕਿਸਾਨਾਂ ਨੇ ਡੀ.ਐਸ.ਆਰ. ਵਿਚ 2 ਤੋਂ 5 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਘੱਟਣ ਦੀ ਗੱਲ ਵੀ ਕਹੀ ਹੈ | ਇਸੇ ਕਾਰਨ ਕਈ ਕਿਸਾਨ ਹੁਣ ਮੁੜ ਰਵਾਇਤੀ ਤਰੀਕੇ ਨਾਲ ਹੀ ਝੋਨਾ ਲਗਾਉਣ ਨੂੰ ਤਰਜੀਹ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਨੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਨੂੰ ਮਹੀਨੇਵਾਰ ਰਾਸ਼ਨ ਵੰਡਿਆ
Ad Position 24