ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਮੁੱਢ ਤੋਂ ਹੀ ਵਿੱਦਿਅਕ ਖੇਤਰ ਵਿਚ ਮੋਹਰੀ ਰਿਹਾ ਹੈ | ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਵਧੀਆ ਨਤੀਜਿਆਂ ਨੇ ਸਕੂਲ ਦੀ ਸ਼ਾਨ ਵਿਚ ਹੋਰ ਵਾਧਾ ਕੀਤਾ ਹੈ | ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਗੁਰਦੇਵ ਸਿੰਘ ਬਰਾੜ ਰਿਟਾ. ਆਈ.ਏ.ਐਸ. ਪ੍ਰਧਾਨ ਸੰਗਤ ਸਾਹਿਬ ਭਾਈ ਫ਼ੇਰੂ ਸਿੱਖ ਐਜੂਕੇਸ਼ਨ (ਰਜਿ:) ਫ਼ਰੀਦਕੋਟ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਗੁਰਸੇਵਕ ਸਿੰਘ, ਸੈਕਟਰੀ ਕਮ ਮੈਨੇਜਿੰਗ ਡਾਇਰੈਕਟਰ (ਸਕੂਲਜ਼) ਜਸਬੀਰ ਸਿੰਘ ਸੰਧੂ, ਖ਼ਜ਼ਾਨਚੀ ਸਵਰਨਜੀਤ ਸਿੰਘ ਗਿੱਲ, ਐਗਜੈਕਟਿਵ ਮੈਂਬਰ ਗੁਰਮੀਤ ਸਿੰਘ ਢਿੱਲੋਂ, ਐਗਜੈਕਟਿਵ ਮੈਂਬਰ ਬਲਦੇਵ ਸਿੰਘ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਬਾਰ੍ਹਵੀਂ ਜਮਾਤ ਨਾਨ ਮੈਡੀਕਲ ਗਰੁੱਪ ਦੀ ਹੋਣਹਰ ਵਿਦਿਆਰਥਣ ਅਮੀਸ਼ੀ ਨੇ 97.4%, ਹਰਲੀਨ ਕੌਰ 97.20%, ਅਨਮੋਲਪ੍ਰੀਤ ਕੌਰ 96.20% ਅਤੇ ਮੈਡੀਕਲ ਗਰੁੱਪ ਦੀ ਅੰਸ਼ਨੂਰ ਕੌਰ ਨੇ 97.2%, ਕੁਲਵੀਰ ਕੌਰ 93.4%, ਪਰਨੀਤਾ ਸ਼ਰਮਾਂ 93.4% ਅਤੇ ਨਵਨੂਰ ਕੌਰ 93.2% ਅੰਕ ਲਏ | ਇਸੇ ਤਰ੍ਹਾਂ ਕਾਮਰਸ ਗਰੁੱਪ ਦੀ ਆਸਥਾ ਗੁਪਤਾ 97%, ਸਰਿਸ਼ਟੀ ਕੁਮਾਰੀ ਨੇ 97%, ਮੂਨਜੋਤ ਕੌਰ ਬਰਾੜ 96.8%, ਅਰਮਾਨ ਸਿੰਗਲਾ 96.4% ਅਤੇ ਅਰਪਨਜੋਤ ਕੌਰ ਬਰਾੜ ਨੇ 96.4% ਅੰਕ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਚਮਕਾਇਆ ਹੈ | ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਬਾਰ੍ਹਵੀਂ ਜਮਾਤ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 31000 ਰੁਪਏ, 21000 ਅਤੇ 11000 ਰੁਪਏ ਦਾ ਨਗਦ ਇਨਾਮ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸੇ ਤਰ੍ਹਾਂ ਹੀ ਵੱਖ-ਵੱਖ ਵਿਸ਼ਿਆਂ ਵਿਚੋਂ ਪੂਰੇ ਅੰਕ (100/100) ਲੈਣ ਵਾਲੇ ਸਾਰੇ 5 ਵਿਦਿਆਰਥੀਆਂ ਨੂੰ ਵੀ ਪ੍ਰਸੰਸ਼ਾ ਪੱਤਰ ਦੇ ਕੇ ਸ਼ਾਬਾਸ਼ੀ ਦਿੱਤੀ | ਇਸ ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ਵਿਚ ਵਿਦਿਆਰਥੀਆਂ ਨੂੰ ਪੂਰੇ ਅੰਕ (100/100) ਦਿਵਾਉਣ ਵਾਲੇ ਬਾਰ੍ਹਵੀਂ ਜਮਾਤ ਦੇ ਅਧਿਆਪਕਾਂ ਨੂੰ ਵੀ ਇਨਾਮ ਵਜੋਂ ਚੈੱਕ ਦੇ ਕੇ ਨਵਾਜਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਪਿ੍ੰਸੀਪਲ ਅਪੂਰਵ ਦੇਵਗਨ, ਰਾਕੇਸ਼ ਧਵਨ ਵਾਈਸ ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੂੰ ਇਸ ਵਧੀਆ ਕਾਰਜਗੁਜਾਰੀ 'ਤੇ ਤਹਿ ਦਿਲੋਂ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਹੋਰ ਵੀ ਚੰਗੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ |