ਪੰਜਗਰਾੲੀਂ ਕਲਾਂ, 21 ਮਈ (ਸੁਖਮੰਦਰ ਸਿੰਘ ਬਰਾੜ)-ਸਰਕਾਰੀ ਹਾਈ ਸਕੂਲ ਔਲਖ ਦੀ ਹੋਣਹਾਰ ਵਿਦਿਆਰਥਣ ਏਕਮਦੀਪ ਬਾਵਾ ਸਪੁੱਤਰੀ ਸੁਖਦੀਪ ਸਿੰਘ ਬਾਵਾ ਆਪਣੀ ਕਾਬਲੀਅਤ ਦੇ ਬਲਬੂਤੇ 'ਤੇ ਸਰਕਾਰੀ ਮੈਰੀਟੋਰੀਅਸ ਸਕੂਲ ਤਲਵਾੜਾ ਲਈ ਚੁਣੀ ਗਈ ਹੈ | ਜ਼ਿਕਰਯੋਗ ਹੈ ਕਿ ਲੋਕ ਚੇਤਨਾ ਮੰਚ ਦੇ ਪ੍ਰਧਾਨ ਬਲਵਿੰਦਰ ਔਲਖ ਦੀ ਪੋਤਰੀ ਏਕਮਦੀਪ ਬਾਵਾ ਨੇ ਅੱਠਵੀਂ ਦੀ ਪ੍ਰੀਖਿਆ 'ਚੋਂ 575/600 ਅੰਕ ਹਾਸਿਲ ਕਰਕੇ ਸਕੂਲ ਮੈਰਿਟ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ | ਵਿਦਿਆਰਥਣ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਨੇ ਵਿਦਿਆਰਥਣ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਸਮੂਹ ਸਟਾਫ਼ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ |