ਫ਼ਰੀਦਕੋਟ, 22 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਨਗਰ ਕੌਂਸਲ ਚੋਣਾਂ ਵਿਚ ਸੱਤਾਧਾਰੀ ਪਾਰਟੀ ਵਲੋਂ ਧੱਕੇਸ਼ਾਹੀ ਕਰਦਿਆਂ ਅਕਾਲੀ ਆਗੂਆਂ 'ਤੇ ਬਣਾਏ ਗਏ ਪਰਚਿਆਂ ਨੂੰ ਨਾਜ਼ਾਇਜ਼ ਆਖਦਿਆਂ ਪੁਰਜ਼ੋਰ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਅਕਾਲੀ ਆਗੂ ਜਦੋਂ ਵੀ ਕਾਂਗਰਸੀ ਆਗੂਆਂ 'ਤੇ ਪਰਚੇ ਹੁੰਦੇ ਸਨ ਤਾਂ ਉਹ ਖੁਸ਼ੀ ਮਨਾਉਂਦੇ ਸਨ | ਪਰ ਉਹ ਰਾਜਸੀ ਆਗੂ ਹੋਣ ਦੇ ਨਾਂਅ 'ਤੇ ਅਜਿਹੇ ਪਰਚਿਆਂ ਦੀ ਨਿੰਦਾ ਕਰਦੇ ਹਨ | ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਗੇ ਆਖਿਆ ਕਿ ਸਾਲ 2017 ਤੋਂ 2022 ਤੱਕ ਕਾਂਗਰਸ ਪਾਰਟੀ ਦੇ ਰਾਜ ਵਿਚ ਜਿੰਨੀਆਂ ਵੀ ਚੋਣਾਂ ਹੋਈਆਂ ਉਨ੍ਹਾਂ ਨੇ ਕਦੇ ਵੀ ਕਿਸੇ ਵੀ ਰਾਜਸੀ ਪਾਰਟੀ ਦੇ ਉਮੀਦਵਾਰ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ | ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਤੰਤਰ ਦੇ ਇਨ੍ਹਾਂ ਚੋਣਾਂ ਵਿਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਵਿਚ ਕਥਿਤ ਸਰਕਾਰੀ ਦਬਾਅ 'ਤੇ ਅਧਿਕਾਰੀ 11 ਉਮੀਦਵਾਰਾਂ ਦੇ ਕਾਗਜ਼ ਰੱਦ ਕਰਨਾ ਚਾਹੁੰਦੇ ਸਨ | ਪਰ ਕਾਂਗਰਸ ਪਾਰਟੀ ਦੇ ਦਖਲ ਤੇ ਕੇਵਲ 2 ਉਮੀਦਵਾਰਾਂ ਦੇ ਕਾਗਜ਼ ਨਾਜਾਇਜ਼ ਮਾਮਲੇ ਪਾ ਕੇ ਰੱਦ ਕਰ ਦਿੱਤੇ ਗਏ |