ਕੋਟਕਪੂਰਾ, 30 ਮਈ (ਮੋਹਰ ਸਿੰਘ ਗਿੱਲ)-ਡਾ. ਮਨਜੀਤ ਸਿੰਘ ਢਿੱਲੋਂ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਸ਼ਲਾਘਾਯੋਗ ਹਨ | ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਪੰਜਾਬ ਦੀ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਦਾ ਗੁੱਡ ਮੌਰਨਿੰਗ ਕਲੱਬ ਅਤੇ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਵਲੋਂ ਰੱਖੇ ਸਨਮਾਨ ਸਮਾਰੋਹ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਸਾਰੇ ਬੱਚੇ ਅਤੇ ਨੌਜਵਾਨ ਜੇਕਰ ਦਿ੍ੜ ਇਰਾਦਾ ਕਰ ਲੈਣ ਕਿ ਉਨ੍ਹਾਂ ਨੇ ਵੱਡੇ ਅਫ਼ਸਰ ਬਣਨਾ ਹੈ ਤਾਂ ਕੁਝ ਵੀ ਅਸੰਭਵ ਨਹੀਂ | ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ਼ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਦਿਲ਼ੀ ਇੱਛਾ ਰਹੀ ਹੈ ਕਿ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ ਦੇ ਕੇ ਜੇਕਰ ਉਨ੍ਹਾਂ ਨੂੰ ਸਮਰੱਥ ਬਣਾਇਆ ਜਾਵੇ ਤਾਂ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ, ਕਿਉਂਕਿ ਪਹਿਲਾਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿਚ ਪੰਜਾਬੀ ਨੌਜਵਾਨ ਆਈ.ਏ.ਐਸ. ਅਤੇ ਆਈ.ਪੀ.ਐਸ. ਦੀਆਂ ਕੁਰਸੀਆਂ 'ਤੇ ਬਿਰਾਜਮਾਨ ਹੁੰਦੇ ਸਨ | ਉਨ੍ਹਾਂ ਕਿਹਾ ਕਿ ਉਹ ਆਪਣੇ ਵਲੋਂ ਆਈ.ਏ.ਐਸ. ਅਤੇ ਆਈ.ਪੀ.ਐਸ. ਦੇ ਨਾਲ-ਨਾਲ ਡਾਕਟਰ, ਡਿਫੈਂਸ ਅਫ਼ਸਰ, ਆਰਕੀਟੈਕਟ, ਨਾਟਾ, ਕਲੈਟ/ਜੱਜ ਟੇ੍ਰਨਿੰਗ ਸਮੇਤ ਹੋਰ ਬਹੁਤ ਸਾਰੇ ਅਜਿਹੇ ਕੋਰਸ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ | ਮੈਨੇਜਿੰਗ ਡਾਇਰੈਕਟਰ ਡਾ.ਪ੍ਰੀਤਮ ਸਿੰਘ ਛੋਕਰ ਨੇ ਵਿਸਥਾਰ ਵਿਚ ਦੱਸਿਆ ਕਿ ਦਿੱਲੀ, ਚੰਡੀਗੜ੍ਹ ਅਤੇ ਕੋਟਾ ਵਰਗੇ ਮਹਾਂਨਗਰਾਂ ਵਿਚ ਮਿਲਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਕੋਚਿੰਗ ਦੀ ਸਹੂਲਤ ਹੁਣ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਵਿਖੇ ਮਿਲੇਗੀ | ਵਿਜਡਮ ਕੋਟਾ ਕਲਾਸਿਜ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਵਰਮਾ ਨੇ ਦੱਸਿਆ ਕਿ ਅਕਸਰ ਇਸ ਇਲਾਕੇ ਦੇ ਲੋਕ ਆਪਣੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਅਤੇ ਕੋਚਿੰਗ ਲਈ ਦੂਰ-ਦੁਰਾਡੇ ਇਲਾਕਿਆਂ ਵਿਚ ਭੇਜਣ ਤੋਂ ਕੰਨੀ ਕਤਰਾਉਂਦੇ ਸਨ, ਜਿਸ ਕਰਕੇ ਉਨ੍ਹਾਂ ਬੇਟੀਆਂ ਦੀਆਂ ਆਸਾਂ-ਉਮੀਦਾਂ ਢਹਿ-ਢੇਰੀ ਹੋ ਜਾਂਦੀਆਂ ਸਨ | ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਅਮਨਦੀਪ ਕੌਰ ਨੇ ਦਾਅਵਾ ਕੀਤਾ ਕਿ ਉਕਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਉਨ੍ਹਾਂ ਦਾ ਮਕਸਦ ਰੁਜ਼ਗਾਰ ਲਈ ਵਿਦੇਸ਼ ਜਾਣ ਦੀ ਸੋਚ ਰੱਖਣ ਵਾਲੀ ਨੌਜਵਾਨ ਸ਼ਕਤੀ ਨੂੰ ਸਹੀ ਮਾਰਗ ਦਰਸ਼ਨ ਦੇ ਕੇ ਉੱਚੇ ਅਹੁਦਿਆਂ ਦੇ ਕਾਬਲ ਬਣਾਉਣਾ ਹੈ ਤਾਂ ਜੋ ਉਹ ਵਿਦੇਸ਼ ਜਾਣ ਦੀ ਸੋਚ ਤਿਆਗ ਦੇਣ | ਸਨਮਾਨ ਸਮਾਰੋਹ ਨੂੰ ਰੌਚਕ ਅਤੇ ਦਿਲਚਸਪ ਬਣਾਉਣ ਲਈ ਪ੍ਰਸਿੱਧ ਭੰਗੜਾ ਕੋਚ ਦਿਲਪ੍ਰੀਤ ਬੱਬੂ ਦੀ ਟੀਮ ਨੇ ਗਿੱਧਾ, ਭੰਗੜਾ ਅਤੇ ਕੋਰੀਓਗ੍ਰਾਫੀ ਰਾਹੀਂ ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਵੀ ਦਿੱਤਾ | ਪੋ੍ਰਜੈਕਟ ਇੰਚਾਰਜ ਪੋ੍ਰ ਐਚ.ਐਸ.ਪਦਮ, ਲੈਕਚਰਾਰ ਮੁਖਤਿਆਰ ਸਿੰਘ ਮੱਤਾ ਅਤੇ ਮਾਸਟਰ ਸੋਮਨਾਥ ਅਰੋੜਾ ਨੇ ਦੱਸਿਆ ਕਿ ਗਿੱਧਾ ਅਤੇ ਭੰਗੜਾ ਟੀਮਾਂ ਦਾ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |