ਕੋਟਕਪੂਰਾ, 30 ਮਈ (ਮੋਹਰ ਸਿੰਘ ਗਿੱਲ)-ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ਅਤੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਖ਼ੂਬ ਮਨੋਰੰਜਨ ਕੀਤਾ | ਸਮਾਗਮ ਦੌਰਾਨ ਪੰਜਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਨੂੰ ਤਿੰਨ ਵਰਗਾਂ (ਪੰਜਵੀਂ-ਛੇਵੀਂ, ਸੱਤਵੀਂ-ਅੱਠਵੀਂ ਅਤੇ ਨੌਵੀਂ-ਦਸਵੀਂ) ਵਿਚ ਵੰਡਿਆ ਗਿਆ, ਜਿਸ ਵਿਚੋਂ ਹਰੇਕ ਵਰਗ ਦੇ ਮੋਹਰੀ ਰਹਿਣ ਵਾਲੇ ਕੁੱਲ 9 ਜੇਤੂ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਲਈ ਚੁਣਿਆ ਗਿਆ | ਇਸ ਤੋਂ ਇਲਾਵਾ 20 ਵਿਦਿਆਰਥੀਆਂ ਨੂੰ ਸਰਟੀਫਿਕੇਟ ਆਫ਼ ਪਾਰਟੀਸਿਪੇਸ਼ਨ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਸਮਾਗਮ ਦੇ ਅੰਤ ਵਿਚ ਪਿ੍ੰਸੀਪਲ ਡਾ. ਸੁਰਿੰਦਰ ਸਿੰਘ ਟੁਰਨਾ ਵਲੋਂ ਜੇਤੂ ਬੱਚਿਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਪਿ੍ੰਸੀਪਲ ਨੇ ਕਿਹਾ ਕਿ ਅਜਿਹੇ ਰਚਨਾਤਮਕ ਪ੍ਰੋਗਰਾਮ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਨਾਂ ਦਾ ਉਤਸਾਹ ਵਧਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ, ਜੋ ਭਵਿੱਖ ਵਿਚ ਉਨ੍ਹਾਂ ਲਈ ਰਾਹ-ਦਸੇਰਾ ਬਣਦੇ ਹਨ |