ਸ੍ਰੀ ਮੁਕਤਸਰ ਸਾਹਿਬ, 30 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਿੱਦੜਬਾਹਾ ਹਲਕੇ ਵਿਚ ਨਗਰ ਕੌਂਸਲ ਚੋਣਾਂ 'ਚ ਲੱਗੇ ਵੱਡੇ ਸਿਆਸੀ ਝਟਕੇ ਦੀ ਜਿੱਥੇ ਚਰਚਾ ਹੋ ਰਹੀ ਹੈ, ਉੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 5 ਵਿਚ ਕਾਂਗਰਸ ਚੌਥੇ ਨੰਬਰ 'ਤੇ ਰਹੀ ਹੈ | ਜਦੋਂ ਆਪਣੀ ਰਿਹਾਇਸ਼ ਤੋਂ ਰਾਜਾ ਵੜਿੰਗ ਆਪਣੀ ਪਤਨੀ ਅੰਮਿ੍ਤਾ ਵੜਿੰਗ ਨਾਲ ਬਲਦ ਗੱਡੀ 'ਤੇ ਬੈਠ ਕੇ ਵੋਟ ਪਾਉਣ ਆਇਆ ਸੀ ਤਾਂ ਇਸ ਦੀ ਸਿਆਸੀ ਗਲਿਆਰਿਆਂ ਵਿਚ ਬਹੁਤ ਚਰਚਾ ਹੋਈ ਸੀ | ਇਸ ਵਾਰਡ ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ਿੰਦਰ ਕੌਰ ਅਕਾਲੀ ਉਮੀਦਵਾਰ ਅੰਮਿ੍ਤਪਾਲ ਕੌਰ ਤੋਂ 258 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ | ਉਨ੍ਹਾਂ ਨੂੰ 805 ਵੋਟਾਂ ਮਿਲੀਆਂ, ਅਕਾਲੀ ਉਮੀਦਵਾਰ ਨੂੰ 547 ਵੋਟਾਂ ਮਿਲੀਆਂ | ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਨੂੰ 230 ਵੋਟਾਂ ਮਿਲੀਆਂ ਹਨ | ਜਦਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਰਾਜਪਾਲ ਕੌਰ ਨੂੰ ਮਹਿਜ਼ 143 ਵੋਟਾਂ ਮਿਲੀਆਂ | ਰਾਜਾ ਵੜਿੰਗ ਦੇ ਰਿਹਾਇਸ਼ੀ ਵਾਰਡ ਵਿਚ ਕਾਂਗਰਸ ਉਮੀਦਵਾਰ ਦੇ ਚੌਥੇ ਨੰਬਰ 'ਤੇ ਰਹਿਣ ਦੀ ਸ਼ਹਿਰ ਅਤੇ ਇਲਾਕੇ ਵਿੱਚ ਚਰਚਾ ਹੈ |