ਸਾਦਿਕ, 30 ਮਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਫ਼ਰੀਦਕੋਟ ਦੀ ਉੱਤਰੀ ਸਰਹੱਦ ਦੇ ਆਖਰੀ ਪਿੰਡਾਂ 'ਚੋਂ ਇਕ ਬੇ ਚਿਰਾਗ ਪਿੰਡ ਹੈ ਖਿਲਚੀਆਂ, ਜੋ ਇਸ ਵੇਲੇ ਇਕ ਥੇਹ ਦੇ ਰੂਪ 'ਚ ਕੋਈ 6 ਏਕੜ ਦੇ ਲਗਪਗ ਖਾਲੀ ਪਈ ਜਗ੍ਹਾ ਹੈ | ਜਿਸਦੇ ਆਲੇ ਦੁਆਲੇ ਖੇਤ ਹਨ, ਪਰ ਇਸ ਜਗ੍ਹਾ 'ਤੇ ਕੋਈ ਵਸੋਂ ਨਹੀਂ | ਲਾਗਲੇ ਪਿੰਡ ਘੋਨੀਵਾਲਾ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਇਸ ਬਾਰੇ ਪੁੱਛਣ 'ਤੇ ਦੱਸਿਆ ਕਿ ਇਹ ਪਿੰਡ ਮੁਸਲਮਾਨ ਪਰਿਵਾਰਾਂ ਦਾ ਪਿੰਡ ਸੀ ਜੋ 1947 ਦੀ ਦੇਸ਼ ਦੀ ਵੰਡ ਸਮੇਂ ਇੱਥੋਂ ਉੱਜੜ ਕੇ ਚਲੇ ਗਏ ਅਤੇ ਇਹ ਥਾਂ ਢਹਿ ਢੇਰੀ ਹੋ ਕੇ ਥੇਹ ਦਾ ਰੂਪ ਧਾਰ ਗਈ | ਇਸ ਥਾਂ 'ਤੇ ਜਿਸਨੇ ਵੀ ਮੁੜ ਕਬਜ਼ਾ ਕਰਕੇ ਵੱਸਣ ਦੀ ਕੋਸ਼ਿਸ਼ ਕੀਤੀ, ਉਸਨੂੰ ਵੱਡਾ ਜਾਨੀ ਮਾਲੀ ਨੁਕਸਾਨ ਉਠਾਉਣਾ ਪਿਆ | ਉਨ੍ਹਾਂ ਇਕ ਪਰਿਵਾਰ ਦੀ ਦਾਸਤਾਨ ਦੱਸਦਿਆਂ ਕਿਹਾ ਕਿ ਉਸ ਪਰਿਵਾਰ ਨੇ ਇਸ ਜਗ੍ਹਾ 'ਚ ਕੁਝ ਕਮਰੇ ਬਣਾ ਕੇ ਰਹਿਣਾ ਸ਼ੁਰੂ ਕੀਤਾ | ਉਸ ਪਰਿਵਾਰ ਦੇ 10 ਮੈਂਬਰ ਸਨ ਪਰ ਥੋੜੇ੍ਹ ਹੀ ਸਮੇਂ 'ਚ ਇਸ ਪਰਿਵਾਰ ਦੇ 9 ਜੀਅ ਖਤਮ ਹੋ ਗਏ ਅਤੇ ਇਕ ਪਰਿਵਾਰਕ ਮੈਂਬਰ ਬਣਿਆ ਘਰ ਛੱਡ ਕੇ ਪਾਸੇ ਰਹਿਣ ਲੱਗ ਪਿਆ | ਅੱਜ ਵੀ ਉਹ ਕਮਰੇ ਇਸ ਥਾਂ ਵਿਚ ਮੌਜੂਦ ਹਨ | ਇਸ ਜਗ੍ਹਾ ਪ੍ਰਤੀ ਲਾਗਲੇ ਪਿੰਡਾਂ ਵਿਚ ਐਨਾ ਕੁ ਡਰ ਹੈ ਕਿ ਇੱਥੇ ਭਾਵੇਂ ਕਿੰਨੀ ਵੀ ਕੀਮਤੀ ਚੀਜ਼ ਪਈ ਹੋਵੇ ਕੋਈ ਚੁੱਕਦਾ ਨਹੀਂ | ਇੱਥੋਂ ਤੱਕ ਕਿ ਇਸ ਥਾਂ ਵਿਚ ਖੜ੍ਹੇ ਰੁੱਖ ਤੋਂ ਕੋਈ ਟਾਹਣੀ ਤੱਕ ਵੀ ਨਹੀਂ ਤੋੜਦਾ | ਇਸਦਾ ਕਾਰਨ ਇਨ੍ਹਾਂ ਪਿੰਡ ਵਾਸੀਆਂ ਨੇ ਇੱਥੇ ਰਹਿੰਦੀ ਕੋਈ ਗੈਬੀ ਸ਼ਕਤੀ ਦਾ ਹੋਣਾ ਦੱਸਿਆ | ਇਸ ਥਾਂ ਬਾਰੇ ਪਿੰਡ ਵਾਸੀਆਂ ਨੇ ਕੁਝ ਸਾਲ ਪਹਿਲਾਂ ਬਾਬਾ ਹਰਨੇਕ ਸਿੰਘ ਰਤਵਾੜਾ ਸਾਹਿਬ ਨੂੰ ਮਿਲ ਕੇ ਦੱਸਿਆ ਤੇ ਉਹ ਇਸ ਜਗ੍ਹਾ ਨੂੰ ਵੇਖਣ ਲਈ ਆਏ ਤਾਂ ਉਨ੍ਹਾਂ ਨੇ ਆਪਣੀ ਗੱਡੀ ਇਸ ਸਥਾਨ 'ਤੇ ਰੋਕ ਕੇ ਇਸ ਜਗ੍ਹਾ 'ਚ ਕਦਮ ਰੱਖਿਆ, ਤੁਰ ਫਿਰਕੇ ਵੇਖਿਆ | ਜਦੋਂ ਜਾਣ ਲੱਗੇ ਤਾਂ ਉਨ੍ਹਾਂ ਦੀ ਗੱਡੀ ਸਟਾਰਟ ਨਹੀਂ ਹੋਈ, ਜਿਸਨੂੰ ਟੋਚਨ ਕਰਕੇ ਲਿਜਾਇਆ ਗਿਆ | ਉਨ੍ਹਾਂ ਆਪਣਾ ਆਉਣਾ ਜਾਰੀ ਰੱਖਿਆ ਅਤੇ ਜਿਹੜਾ ਬਣਿਆ ਮਕਾਨ ਪਰਿਵਾਰ ਛੱਡ ਕੇ ਗਿਆ ਸੀ ਉਸ ਵਿਚ ਰਹਿਣਾ ਸ਼ੁਰੂ ਕੀਤਾ ਅਤੇ ਉੱਥੇ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ | ਉਨ੍ਹਾਂ ਆਪਣੀ ਭਜਨ ਬੰਦਗੀ ਜਾਰੀ ਰੱਖੀ ਸੰਗਤ ਵੀ ਆਉਣੀ ਸ਼ੁਰੂ ਹੋਈ ਅਤੇ ਉਨ੍ਹਾਂ ਨੇ ਸੰਗਤ ਦੇ ਸਹਿਯੋਗ ਨਾਲ ਪੰਚਵੀਂ ਮਨਾਉਣੀ ਸ਼ੁਰੂ ਕੀਤੀ ਅਤੇ ਸਾਲ ਵਿਚ ਇਕ ਵਾਰ ਸੰਤ ਸੰਮੇਲਨ ਵੀ ਕਰਵਾਇਆ ਜਾਣ ਲੱਗਾ | ਉਨ੍ਹਾਂ ਇਸ ਸਥਾਨ 'ਤੇ ਇਕ ਸਮਾਧੀ ਵੀ ਬਣਵਾਈ ਜਿਸਨੂੰ ਕਿਸੇ ਮੁਸਲਮਾਨ ਫ਼ਕੀਰ ਦੀ ਜਗ੍ਹਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਇਹ ਹੀ ਗੈਬੀ ਸ਼ਕਤੀ ਹੈ ਜੋ ਕਿਸੇ ਨੂੰ ਇੱਥੇ ਵੱਸਣ ਨਹੀਂ ਦਿੰਦੀ ਪਰ ਬਾਬਾ ਹਰਨੇਕ ਸਿੰਘ ਨੇ ਉਸਦੀ ਮੰਨਤ ਸ਼ੁਰੂ ਕਰਕੇ ਉਸਨੂੰ ਰਾਜੀ ਕਰ ਲਿਆ ਸੀ | ਕੁਝ ਸਾਲਾਂ ਬਾਅਦ ਸੰਤ ਬਾਬਾ ਹਰਨੇਕ ਸਿੰਘ ਸੱਚਖੰਡ ਵਾਸ ਕਰ ਗਏ ਅਤੇ ਉਨ੍ਹਾਂ ਦੇ ਦਾਸ ਜਥੇਦਾਰ ਸੰਤੋਖ ਸਿੰਘ (ਕੰਡਕਟਰ) ਨੇ ਸੇਵਾ ਸੰਭਾਲ ਲਈ | ਉਨ੍ਹਾਂ ਇਸ ਸਥਾਨ ਦੇ ਲਾਗਲੇ 7-8 ਪਿੰਡਾਂ ਦੇ ਸਹਿਯੋਗ ਨਾਲ ਇਸ ਥਾਂ 'ਤੇ ਗੁਰਦੁਆਰਾ ਸਾਹਿਬ ਦੀ ਤਾਮੀਰ ਕਰਵਾਈ, ਨਿਸ਼ਾਨ ਸਾਹਿਬ ਚੜ੍ਹਾਇਆ | ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਉਹ ਸਮਾਧੀ ਹੈ | ਗੁਰਦੁਆਰਾ ਸਾਹਿਬ ਦੀ ਤਮੀਰ ਕਰਾਉਣ ਵਾਲੇ ਜਥੇਦਾਰ ਸੰਤੋਖ ਸਿੰਘ ਵੀ ਕੁਝ ਸਾਲ ਪਹਿਲਾਂ ਇੱਥੋਂ ਸੇਵਾ ਸੰਭਾਲ ਛੱਡ ਕੇ ਮਾਝੇ ਵਿਚ ਆਪਣੇ ਪਿੰਡ ਚਲੇ ਗਏ ਹਨ | ਗੁਰਦੁਆਰਾ ਸਾਹਿਬ ਵਿਚ ਹੁਣ ਬਾਬਾ ਦਲਜੀਤ ਸਿੰਘ ਪੂਜਾ ਪਾਠ ਕਰਦੇ ਹਨ ਅਤੇ ਦਿਨ ਤਿਉਹਾਰ ਪਹਿਲਾਂ ਵਾਂਗ ਹੀ ਮਨਾਏ ਜਾਂਦੇ ਹਨ | ਜਿਸ ਸਮਾਧੀ ਨੂੰ ਮੁਸਲਮਾਨ ਫ਼ਕੀਰ ਦੀ ਸਮਾਧੀ ਵਜੋਂ ਜਾਣਿਆਂ ਜਾਂਦਾ ਸੀ ਹੁਣ ਉਸਨੂੰ ਬਾਬਾ ਫ਼ਰੀਦ ਜੀ ਦੀ ਦਰਗਾਹ ਵਜੋਂ ਜਾਣਿਆਂ ਜਾਣ ਲੱਗਾ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਸਥਾਨ 'ਤੇ ਬਾਬਾ ਫ਼ਰੀਦ ਜੀ ਫ਼ਰੀਦਕੋਟ ਤੋਂ ਇੱਧਰ ਨੂੰ ਆਏ ਅਤੇ ਇਸ ਸਥਾਨ 'ਤੇ ਠਹਿਰੇ | ਇੱਥੇ ਇਕ ਪੁਰਾਤਨ ਖੂਹੀ ਵੀ ਮਿਲੀ ਹੈ ਜੋ ਹੋ ਸਕਦਾ ਹੈ ਕਿ ਇੱਥੇ ਰਹਿਣ ਵਾਲੇ ਉਸ ਸਮੇਂ ਦੇ ਮੁਸਲਮਾਨ ਪਰਿਵਾਰਾਂ ਨੇ ਆਪਣੇ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਲਗਾਈ ਹੋਵੇ ਪਰ ਇਸਨੂੰ ਵੀ ਬਾਬਾ ਫ਼ਰੀਦ ਵਲੋਂ ਲਗਵਾਈ ਦੱਸਿਆ ਜਾ ਰਿਹਾ ਹੈ | ਅਸਲ ਰਹੱਸ ਕੀ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਕੋਈ ਕਾਰਨ ਜ਼ਰੂਰ ਹੈ | ਨਹੀਂ ਤਾਂ ਐਨੇ ਸਮੇਂ 'ਚ ਜਦੋਂ ਲੋਕ ਫ਼ੁੱਟ ਫ਼ੁੱਟ ਥਾਂ ਪਿੱਛੇ ਲੜਦੇ ਝਗੜਦੇ ਹਨ ਤੇ ਲੋਕਾਂ ਨੇ ਇਸ ਜਗ੍ਹਾ 'ਤੇ ਕਬਜ਼ਾ ਕਰਦਿਆਂ ਦੇਰ ਨਹੀਂ ਲਾਉਣੀ ਸੀ ਪਰ ਅੱਜ ਵੀ ਇਸ ਜਗ੍ਹਾ ਤੋਂ ਲੋਕ ਪੂਰੀ ਤਰਾਂ ਭੈਭੀਤ ਹਨ ਅਤੇ ਇੱਥੇ ਵੱਸਣ ਜਾਂ ਕਬਜ਼ਾ ਕਰਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ | ਇਸ ਜਗ੍ਹਾ ਨੂੰ ਹੁਣ ਡੇਰਾ ਕਿਸ਼ਨਪੁਰੀ ਖਿਲਚੀਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ |