ਮਲੋਟ, 1 ਜੂਨ (ਪਾਟਿਲ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਿਧਾਇਕਾ ਮਲੋਟ ਅੱਜ ਵਿਸ਼ੇਸ਼ ਤੌਰ 'ਤੇ ਮਿਮਿਟ ਮਲੋਟ ਵਿਖੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਿਮਿਟ ਮਲੋਟ ਇਲਾਕੇ ਦੀ ਸ਼ਾਨ ਹੈ | ਇੱਥੋਂ ਦੇ ਵਿਦਿਆਰਥੀ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੀਆਂ ਕੰਪਨੀਆਂ ਵਿਚ ਜਾ ਕੇ ਇਲਾਕੇ ਦਾ ਨਾਂਅ ਰੌਸ਼ਨ ਕਰਦੇ ਹਨ | ਸੰਸਥਾ ਦੇ ਸਟਾਫ਼ ਦੀ ਮਿਹਨਤ ਦੇ ਸਦਕਾ ਹੀ ਇਹ ਵਿਦਿਆਰਥੀ ਆਪਣਾ ਭਵਿੱਖ ਉਜਵਲ ਕਰਦੇ ਹਨ | ਇਥੋਂ ਦੇ ਨਾਨ ਟੀਚਿੰਗ ਸਟਾਫ਼ ਦੀਆਂ ਤਰੱਕੀਆਂ ਪਿਛਲੇ ਲੰਮੇ ਸਮੇਂ ਤੋਂ ਪੈਡਿੰਗ ਸਨ, ਪਰ ਪੰਜਾਬ ਸਰਕਾਰ ਦੀ ਮੁਲਾਜ਼ਮ ਪੱਖੀ ਸੋਚ ਦੇ ਸਦਕਾ ਅੱਜ ਮਿਮਿਟ ਵਿਖੇ ਪਿਛਲੇ 8-15 ਸਾਲਾਂ ਤੋਂ ਪੈਂਡਿੰਗ ਤਰਕੀਆਂ ਦੇ ਰਾਹ ਖੁੱਲ੍ਹੇ ਹਨ, ਜਿਨ੍ਹਾਂ ਤਹਿਤ ਉਨ੍ਹਾਂ ਵਲੋਂ ਸੰਸਥਾ ਦੇ 10 ਕਰਮਚਾਰੀਆਂ ਨੂੰ ਤਰੱਕੀਆਂ ਦੇ ਪੱਤਰ ਵੰਡੇ ਗਏ | ਮੁਲਾਜ਼ਮਾਂ ਨੂੰ ਤਰੱਕੀਆਂ ਦੇ ਪੱਤਰ ਦੇਣ ਉਪਰੰਤ ਡਾ. ਬਲਜੀਤ ਕੌਰ ਨੇ ਕਿਹਾ ਕਿ ਸੰਸਥਾ ਵਿਚ 15-16 ਸਾਲਾਂ ਤੋਂ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਟੀਚਿੰਗ ਅਤੇ ਨਾਨ-ਟੀਚਿੰਗ ਦੇ 35 ਕਰਮਚਾਰੀਆਂ ਦੀ ਸੇਵਾਵਾਂ ਨੂੰ ਵੀ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇਗਾ ਅਤੇ ਟੀਚਿੰਗ ਸਟਾਫ਼ ਦੇ 7ਵੇਂ ਤਨਖ਼ਾਹ ਕਮਿਸ਼ਨ ਨੂੰ ਵੀ ਆਉਣ ਵਾਲੇ ਦਿਨਾਂ ਵਿਚ ਲਾਗੂ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ, ਰਜਿਸਟਰਾਰ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੇ 1400 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀਆਂ ਸਿਹਤ ਸੇਵਾਵਾਂ ਲਈ ਡਾ. ਬਲਜੀਤ ਕੌਰ ਵਲੋਂ ਨਵੀਂ ਐਬੂਲੈਂਸ ਨੂੰ ਹਰੀ ਝੰਡੀ ਕੇ ਇਸ ਦੀ ਸ਼ੁਰੂਆਤ ਕੀਤੀ ਗਈ | ਤਰੱਕੀਆਂ ਹਾਸਿਲ ਕਰਨ ਵਾਲੇ ਸਟਾਫ਼ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ | ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਇਹ ਵੀ ਕਿਹਾ ਕਿ ਪਿਛਲੇ ਲਗਾਤਾਰ ਪੰਜ ਸਾਲਾਂ ਤੋਂ ਬਿਨਾਂ ਰੁਕਾਵਟ ਸੰਸਥਾ ਲਈ ਗਰਾਂਟ ਤੇ ਸੰਸਥਾ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਹਮੇਸ਼ਾ ਸਾਥ ਦਿੰਦੇ ਆ ਰਹੇ ਹਨ, ਜਿਸ ਕਾਰਨ ਅੱਜ ਸੰਸਥਾ ਵਿਚ ਨਵੇਂ ਕੋਰਸ ਵੀ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਬੀ.ਟੈੱਕ. ਆਰਟੀਫ਼ਿਸ਼ੀਅਲ ਇੰਟੈਲੀਜੈਂਸੀ ਦਾ ਕੋਰਸ ਸ਼ੁਰੂ ਹੋ ਚੁੱਕਿਆ ਹੈ | ਇਸ ਤੋਂ ਇਲਾਵਾ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਐੱਮ.ਟੈੱਕ. ਅਤੇ ਵੋਕੇਸ਼ਨਲ ਵਿਚ ਬੈਚਲਰ ਡਿਗਰੀ ਇਨ ਆਟੋਮੋਬਾਇਲ ਸਰਵਿਸਿੰਗ ਦੇ ਨਵੇਂ ਕੋਰਸਾਂ ਦਾ ਵੀ ਆਗਾਜ਼ ਹੋਇਆ ਹੈ |