ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਸਮਾਰੋਹ ਦੌਰਾਨ ਸਕੂਲ ਸਟਾਫ਼, ਵਿਦਿਆਰਥੀਆਂ ਤੇ ਮਾਪਿਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਸਮਾਰੋਹ ਦੀ ਸ਼ੁਰੂਆਤ ਦੌਰਾਨ ਮੰਚ ਦਾ ਸੰਚਾਲਨ ਅੰਗਰੇਜ਼ੀ ਲੈਕਚਰਾਰ ਰਾਜੀਵ ਕੁਮਾਰ ਅਤੇ ਸਾਇੰਸ ਮਿਸਟ੍ਰੈੱਸ ਪ੍ਰੀਤ ਕਮਲ ਨੇ ਕੀਤਾ | ਇਸ ਮੌਕੇ ਪ੍ਰਦੀਪ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜੀਵਨ 'ਚ ਅੱਗੇ ਵਧਣ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਮੈਡਮ ਸ਼ਾਲੂ ਨੇ ਹਾਜ਼ਰ ਮਾਪਿਆਂ ਨਾਲ ਰੂਬੂਰੂ ਹੁੰਦੇ ਹੋਏ ਸਕੂਲ ਦੀਆਂ ਅਕਾਦਮਿਕ ਤੇ ਸਹਿ-ਅਕਾਦਮਿਕ ਗਤੀਵਿਧੀਆਂ 'ਤੇ ਪ੍ਰਾਪਤੀਆਂ ਦੀ ਰਿਪੋਰਟ ਸਾਂਝੀ ਕੀਤੀ | ਉਨ੍ਹਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਘਰ ਤੇ ਸਕੂਲ ਦੇ ਆਪਸੀ ਤਾਲਮੇਲ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਵਲੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਪਤਵੰਤੇ ਸੱਜਣਾਂ ਤੇ ਮਾਪਿਆਂ ਦਾ ਸਕੂਲ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਜਮਾਤਾਂ 'ਚੋਂ ਅਕਾਦਮਿਕ ਖੇਤਰ 'ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮੁੱਚੇ ਸਕੂਲ ਸਟਾਫ਼ ਨੇ ਆਪਸੀ ਸਹਿਯੋਗ ਅਤੇ ਤਨਦੇਹੀ ਨਾਲ ਇਸ ਸਮਾਰੋਹ ਨੂੰ ਸਫ਼ਲ ਬਣਾਉਣ 'ਚ ਅਹਿਮ ਯੋਗਦਾਨ ਪਾਇਆ |