ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਦੀ ਚੋਣ ਲਈ ਸਭਾ ਦਾ ਜਨਰਲ ਇਜਲਾਸ ਸਥਾਨਕ ਕੱਚਾ ਥਾਂਦੇਵਾਲਾ ਰੋਡ ਸਥਿਤ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਹੋਇਆ | ਇਜਲਾਸ ਦੀ ਸੁਰੂਆਤ ਕਰਦਿਆਂ ਸਭਾ ਦੇ ਸਕੱਤਰ ਸੁਖਦਰਸ਼ਨ ਸਿੰਘ ਤੱਗੜ ਨੇ ਦੱਸਿਆ ਕਿ ਨਿਸ਼ਚਿਤ ਸਮੇਂ ਤੱਕ ਪ੍ਰਧਾਨ ਲਈ ਇਕ ਅਰਜੀ ਪ੍ਰਾਪਤ ਹੋਈ ਅਤੇ ਪਿਛਲੀ ਕਮੇਟੀ ਭੰਗ ਕੀਤੀ | ਇਜਲਾਸ ਦੌਰਾਨ ਖ਼ਜ਼ਾਨਚੀ ਦਰਸ਼ਨ ਸਿੰਘ ਮੱਲਣ ਨੇ ਪਿਛਲੇ ਦੋ ਸਾਲ ਦਾ ਆਮਦਨ ਤੇ ਖ਼ਰਚੇ ਦਾ ਖਰੜਾ ਵਿਸਥਾਰ ਨਾਲ ਪੇਸ਼ ਕੀਤਾ, ਜੋ ਹਾਊਸ ਵਲੋਂ ਪ੍ਰਵਾਨ ਕਰ ਲਿਆ ਗਿਆ | ਇਸ ਸਮੇਂ ਪ੍ਰਧਾਨਗੀ ਪਦ ਲਈ ਆਈ ਅਰਜੀ ਦਾ ਜ਼ਿਕਰ ਕਰਦਿਆਂ ਸਕੱਤਰ ਸੁਖਦਰਸ਼ਨ ਸਿੰਘ ਤੱਗੜ ਨੇ ਨਿਰੰਜਣ ਸਿੰਘ ਰੱਖਰਾ ਦਾ ਨਾਂਅ ਹਾਊਸ ਵਿਚ ਰੱਖਿਆ ਤਾਂ ਸਾਰੇ ਹਾਊਸ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਅਤੇ ਸ. ਰੱਖਰਾ ਦੂਜੀ ਵਾਰ ਸਰਬਸੰਮਤੀ ਨਾਲ ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਣੇ ਅਤੇ ਨਵੀਂ ਕਮੇਟੀ ਬਣਾਉਣ ਦੇ ਸਾਰੇ ਅਧਿਕਾਰ ਨਵ-ਨਿਯੁਕਤ ਪ੍ਰਧਾਨ ਨੂੰ ਦਿੱਤੇ ਗਏ | ਸ. ਰੱਖਰਾ ਨੇ ਸਭ ਦਾ ਧੰਨਵਾਦ ਕੀਤਾ | ਇਸ ਉਪਰੰਤ ਨਾਮਦੇਵ ਦੇ ਦਰਬਾਰ ਹਾਲ ਵਿਚ ਮੱਥਾ ਟੇਕਿਆ ਅਤੇ ਦਰਬਾਰ ਕਮੇਟੀ ਨੇ ਸਿਰੋਪਾਓ ਭੇਟ ਕੀਤਾ |