ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਪਿੰਡ ਭੁੱਟੀਵਾਲਾ, ਖਿੜਕੀਆਂਵਾਲਾ, ਖੋਖਰ ਤੇ ਹਰੀਕੇ ਕਲਾਂ ਦੇ ਰਕਬੇ ਨੂੰ ਸਿੰਚਾਈ ਦੇਣ ਵਾਲਾ ਅਪਰ ਰੁਪਾਣਾ ਰਜਬਾਹਾ ਸਫ਼ਾਈ ਪੱਖੋਂ ਮੰਦੇ ਹਾਲ ਵਿਚ ਹੈ | ਪਿਛਲੇ ਪੰਜ ਮਹੀਨਿਆਂ ਤੋਂ ਨਹਿਰੀ ਪਾਣੀ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਆਸ ਬੱਝੀ ਹੈ ਕਿ 2 ਜੂਨ ਨੂੰ ਪਾਣੀ ਛੱਡਿਆ ਜਾਵੇਗਾ, ਪਰ ਇਸ ਰਜਬਾਹੇ ਦੀ ਸੰਬੰਧਿਤ ਵਿਭਾਗ ਵਲੋਂ ਬਿਲਕੁਲ ਸਫ਼ਾਈ ਨਹੀਂ ਕਰਵਾਈ ਗਈ, ਜਿਸ ਕਰਕੇ ਕਿਸਾਨਾਂ ਵਿਚ ਰੋਸ ਹੈ | ਕਿਸਾਨ ਆਗੂਆਂ ਗਿਆਨ ਸਿੰਘ ਭੁੱਟੀਵਾਲਾ ਤੇ ਕਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਆਪਣੇ ਤੌਰ 'ਤੇ ਪਿੰਡ ਭੁੱਟੀਵਾਲਾ ਦੇ ਕਿਸਾਨਾਂ ਨੇ ਇਕੱਤਰ ਹੋ ਕੇ ਇਸ ਰਜਬਾਹੇ ਦੀ ਕੁਝ ਥਾਵਾਂ ਤੋਂ ਸਫ਼ਾਈ ਕੀਤੀ ਹੈ, ਪਰ ਇਸ ਰਜਬਾਹੇ ਵਿਚ ਘਾਹ ਫੂਸ ਤੇ ਸਰਕਾਨਾ ਬਹੁਤ ਉਗਿਆ ਹੋਇਆ ਹੈ, ਜਿਸ ਕਰਕੇ ਜਦੋਂ ਇਸ ਵਿਚ ਪਾਣੀ ਵਗੇਗਾ ਤਾਂ ਪਾਣੀ ਦਾ ਅੱਗੇ ਸਹੀ ਨਿਕਾਸ ਨਾ ਹੋਣ ਕਰਕੇ ਇਹ ਰਜਬਾਹਾ ਟੁੱਟਣ ਦਾ ਖ਼ਤਰਾ ਵਧ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਮੇਂ ਨਹਿਰੀ ਪਾਣੀ ਦੀ ਸਖ਼ਤ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਸੰਬੰਧਿਤ ਵਿਭਾਗ ਵਲੋਂ ਸਾਰੇ ਰਜਬਾਹਿਆਂ ਦੀ ਸਫ਼ਾਈ ਕਰਵਾਉਣੀ ਹੁੰਦੀ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਰਜਬਾਹੇ ਦੀ ਸਫ਼ਾਈ ਕਿਉਂ ਨਹੀਂ ਕਰਵਾਈ ਗਈ, ਇਸ ਸੰਬੰਧੀ ਤੁਰੰਤ ਜਾਂਚ ਕੀਤੀ ਜਾਵੇ | ਇਸ ਤੋਂ ਇਲਾਵਾ ਰਜਬਾਹੇ ਦੀ ਅਮਲੀ ਰੂਪ ਵਿਚ ਸਫ਼ਾਈ ਕੀਤੀ ਜਾਵੇ |