ਜੈਤੋ, 1 ਜੂਨ (ਗੁਰਚਰਨ ਸਿੰਘ ਗਾਬੜੀਆ)-ਸੇਠੀ ਫਿਜ਼ਿਓਥੈਰੇਪੀ ਹਸਪਤਾਲ ਜੈਤੋ (ਨੇੜੇ ਸਰਸਵਤੀ ਸਕੂਲ, ਹਿੰਮਤਪੁਰਾ ਬਸਤੀ) ਵਿਖੇ ਮੇਦਾਂਤਾ ਹਸਪਤਾਲ ਗੁਰੂਗ੍ਰਾਮ (ਹਰਿਆਣਾ) ਦੇ ਸਹਿਯੋਗ ਨਾਲ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਿਆ ਜਿਸ ਵਿਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਦੇ 170 ਤੋਂ ਵੱਧ ਮਰੀਜ਼ਾਂ ਨੇ ਪਹੁੰਚ ਕੇ ਦਿਲ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾਕਟਰਾਂ ਤੋਂ ਸਿਹਤ ਜਾਂਚ ਅਤੇ ਸਲਾਹ ਪ੍ਰਾਪਤ ਕੀਤੀ | ਫਿਜ਼ਿਓਥੈਰੇਪਿਸਟ ਡਾ. ਸਿਕੰਦਰ ਸੇਠੀ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਸ਼ਹਿਰ ਵਿਚ ਹੀ ਆਧੁਨਿਕ ਅਤੇ ਮਾਹਿਰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਇਸ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ | ਕੈਂਪ ਵਿਚ ਮੇਦਾਂਤਾ ਹਸਪਤਾਲ ਦੀ ਮਾਹਿਰ ਮੈਡੀਕਲ ਟੀਮ ਨੇ ਵੱਖ-ਵੱਖ ਸਿਹਤ ਸਮੱਸਿਆਵਾਂ ਨਾਲ ਸਬੰਧਿਤ ਮਰੀਜ਼ਾਂ ਦੀ ਜਾਂਚ ਕੀਤੀ | ਜਦ ਕਿ ਕੈਂਪ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਜੇ ਸ਼ਰਮਾ ਅਤੇ ਹੱਡੀਆਂ ਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਡਾ. ਭਾਵਿਆ ਬਾਂਸਲ ਨੇ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀ ਸਲਾਹ ਦਿੱਤੀ | ਇਸ ਤੋਂ ਇਲਾਵਾ ਬੀਐਮਡੀ, ਪੀਐਫਟੀ, ਬਲੱਡ ਪ੍ਰੈਸ਼ਰ, ਈਸੀਜੀ, ਸ਼ੂਗਰ ਟੈਸਟ ਅਤੇ ਛਾਤੀ ਦੇ ਐਕਸ-ਰੇ ਵਰਗੀਆਂ ਮਹੱਤਵਪੂਰਨ ਜਾਂਚ ਵੀ ਮੌਕੇ 'ਤੇ ਹੀ ਮੁਫ਼ਤ ਕੀਤੀਆਂ ਗਈਆਂ | ਡਾਕਟਰਾਂ ਨੇ ਮਰੀਜ਼ਾਂ ਨੂੰ ਉਨ੍ਹਾਂ ਦੀ ਸਿਹਤ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ | ਇਸ ਮੌਕੇ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਵੀਰਿੰਦਰ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸੇਠੀ ਫਿਜ਼ਿਓਥੈਰੇਪੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਸੇਠੀ ਨੇ ਦੱਸਿਆ ਕਿ ਮੇਦਾਂਤਾ ਹਸਪਤਾਲ ਦੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ੇਸ਼ ਮੈਡੀਕਲ ਵੈਨ ਵੀ ਉਪਲਬਧ ਕਰਵਾਈ ਗਈ, ਜਿਸ ਵਿਚ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਛਾਤੀ ਦੇ ਐਕਸ-ਰੇ ਸਮੇਤ ਹੋਰ ਟੈਸਟਾਂ ਦੇ ਰਿਜਲਟ ਮÏਕੇ ਤੇ ਹੀ ਦਿੱਤੇ ਗਏ ਅਤੇ ਜਾਂਚ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆ | ਕੈਂਪ ਦੇ ਸਫਲ ਆਯੋਜਨ 'ਤੇ ਮੇਦਾਂਤਾ ਹਸਪਤਾਲ ਦੀ ਟੀਮ ਅਤੇ ਸਥਾਨਕ ਲੋਕਾਂ ਨੇ ਸੇਠੀ ਫਿਜ਼ਿਓਥੈਰੇਪੀ ਹਸਪਤਾਲ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਸਮਾਪਤੀ ਮੌਕੇ ਸੇਠੀ ਫਿਜ਼ਿਓਥੈਰੇਪੀ ਹਸਪਤਾਲ ਵਲੋਂ ਡਾ. ਸਿਕੰਦਰ ਸੇਠੀ ਨੇ ਮੇਦਾਂਤਾ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਬ੍ਰਹਮਕੁਮਾਰੀ ਆਸ਼ਰਮ ਤੋਂ ਲਲਿਤਾ ਦੀਦੀ ਅਤੇ ਰਮਨ ਦੀਦੀ ਅਤੇ ਸਮਾਜ ਸੇਵੀ ਰਾਜ ਕੁਮਾਰ ਕਟਾਰੀਆ ਵਲੋਂ ਮੇਦਾਂਤਾ ਹਸਪਤਾਲ ਤੋਂ ਆਈ ਮਾਹਿਰ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਨਵਜੋਤ ਸੇਠੀ, ਪਰਵੇਜ਼ ਸੇਠੀ ਅਤੇ ਸੇਠੀ ਫਿਜ਼ਿਓਥੈਰੇਪੀ ਹਸਪਤਾਲ ਦੇ ਸਮੂਹ ਸਟਾਫ ਨੇ ਵਿਸ਼ੇਸ਼ ਸਹਿਯੋਗ ਦਿੱਤਾ |