ਜੈਤੋ, 2 ਜੂਨ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵਾਟਰ ਵਰਕਸ ਵਲੋਂ ਸਪਲਾਈ ਕੀਤਾ ਜਾਂਦਾ ਪੀਣ ਵਾਲਾ ਪਾਣੀ ਨਾ ਪਹੁੰਚਣ ਜਾਂ ਸੀਵਰੇਜ ਵਾਲਾ ਮਿਲਿਆ ਪਾਣੀ ਪਹੁੰਚਣ ਦੀਆਂ ਸ਼ਿਕਾਇਤਾਂ ਲੋਕਾਂ ਵਲੋਂ ਵਾਰ-ਵਾਰ ਕਰਨ ਦੇ ਬਾਵਜੂਦ ਨਗਰ ਕੌਂਸਲ ਜੈਤੋ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ | ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉ ਬਰਕਾਰ ਹਨ | ਸਥਾਨਕ ਬਾਜਾਖਾਨਾ ਰੋਡ ਦੇ ਲੋਕਾਂ ਨੇ ਦੱਸਿਆ ਕਿ ਵਾਟਰ ਸਪਲਾਈ ਵਾਲਾ ਪਾਣੀ ਕਦੀ ਆਉਂਦਾ ਹੈ ਤੇ ਕਦੀ ਆਉਂਦਾ ਹੀ ਨਹੀਂ | ਜਦ ਕਿ ਕਈ ਮੁਹੱਲਿਆਂ ਵਿਚ ਤਾਂ 20-25 ਦਿਨਾਂ ਤੋਂ ਪੀਣ ਵਾਲਾ ਪਾਣੀ ਪਹੁੰਚਿਆ ਹੀ ਨਹੀਂ ਹੈ | ਇਸ ਸਬੰਧੀ ਲੋਕਾਂ ਵਲੋਂ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਉਪਰੰਤ ਵੀ ਹੱਲ ਨਹੀਂ ਹੋਇਆ | ਲੋਕਾਂ ਨੇ ਦੱਸਿਆ ਕਿ ਤੇਲੀ ਮੁਹੱਲੇ ਦੀਆਂ ਗਲੀਆਂ ਅਤੇ ਜੈਤੋ ਪਿੰਡਾਂ ਦੇ ਕਈ ਮੁਹੱਲਿਆਂ ਵਿਚ ਸੀਵਰੇਜ ਵਾਲਾ ਗੰਦਾ ਪਾਣੀ ਟੂਟੀਆਂ ਵਿਚ ਆ ਰਿਹਾ ਹੈ ਤੇ ਮਹੀਨਿਆਂ ਬਾਅਦ ਵੀ ਕੋਈ ਅਧਿਕਾਰੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹੈ | ਅੱਤ ਦੀ ਗਰਮੀ ਦੇ ਚਲਦਿਆਂ ਮਨੁੱਖ, ਪਸ਼ੂਆਂ ਅਤੇ ਪਰੰਦਿਆਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਪਰ ਸਬੰਧਿਤ ਅਧਿਕਾਰੀ ਹੀ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਰਹਿਣ ਤਾਂ ਫਿਰ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਕਿਵੇਂ ਤੇ ਕਦੋਂ ਮਿਲੇਗਾ | ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਲਾਹਪ੍ਰਵਾਈ ਵਰਤਣ ਵਾਲੇ ਅਧਿਕਾਰੀਆਂ/ਮੁਲਾਜ਼ਮਾਂ ਦੇ ਵਿਰੁੱਧ ਸਖ਼ਤ ਕਰਵਾਈ ਕੀਤੀ ਜਾਵੇ ਅਤੇ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਤੇ ਟਾਈਮ ਸਿਰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਵੇ |