ਫ਼ਰੀਦਕੋਟ, 2 ਜੂਨ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ਕਰਮਚਾਰੀਆਂ ਦੀ ਸਹਾਇਤਾ ਨਾਲ ਬੈਰਕਾਂ ਦੀ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਸਿਟੀ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ 6 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਸੂਚਨਾ ਅਨੁਸਾਰ ਭਿਵਮ ਤੇਜ ਸਿੰਗਲਾ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਦੀਆਂ ਬੈਰਕਾਂ ਦੀ ਜੇਲ੍ਹ ਕਰਮਚਾਰੀਆਂ ਵਲੋਂ ਅਚਾਨਕ ਤਲਾਸ਼ੀ ਲਈ ਗਈ ਤਾਂ 6 ਹਵਾਲਾਤੀਆਂ ਪਾਸੋਂ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਹਵਾਲਾਤੀ ਸਤਨਾਮ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਜੇਆਣਾ ਜ਼ਿਲ੍ਹਾ ਮੋਗਾ, ਹਵਾਲਾਤੀ ਲਖਵਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਦੋਲੇਵਾਲਾ ਜ਼ਿਲ੍ਹਾ ਮੋਗਾ, ਹਵਾਲਾਤੀ ਗੁਰਜੰਟ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੱਲਾਂਵਾਲਾ ਕਦੀਮ ਜ਼ਿਲ੍ਹਾ ਫ਼ਿਰੋਜ਼ਪੁਰ, ਹਵਾਲਾਤੀ ਸੁਖਜੀਤ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਪੱਤੀ ਛਾਇਆ ਸਿਨੀਵਾਲਾ ਖੁਰਦ ਜ਼ਿਲ੍ਹਾ ਬਰਨਾਲਾ, ਹਵਾਲਾਤੀ ਗੋਰਵ ਉਰਫ਼ ਗੋਰਾ ਪੁੱਤਰ ਦੌਲਤ ਰਾਮ ਵਾਸੀ ਬਸਤੀ ਬੁੱਕਣ ਖਾਂ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਹਵਾਲਾਤੀ ਕਰਮਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੇੜੇ ਬੱਸ ਅੱਡਾ ਰੋੜੀ ਕਪੂਰਾ, ਜ਼ਿਲ੍ਹਾ ਫ਼ਰੀਦਕੋਟ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |