ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਲੋੜਵੰਦ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਉਦੇਸ਼ ਨਾਲ ਇਕ ਇਤਿਹਾਸਕ ਪਹਿਲਕਦਮੀ ਕਰਦਿਆਂ ਪੰਜਾਬ ਦੇਸ਼ ਭਰ ਵਿਚੋਂ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ। ਜਿਸ ਨੇ ਆਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ਵਿਚ ਰਹਿ ਰਹੇ ਬੱਚਿਆਂ ਲਈ ਇਕ ਵਿਵਸਥਿਤ ‘ਹੁਨਰ ਵਿਕਾਸ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫ਼ਰੀਦਕੋਟ ਵਿਖੇ ਬਾਲ ਸੰਭਾਲ ਸੰਸਥਾਵਾਂ (ਆਬਜਰਵੇਸ਼ਨ ਹੋਮ ਫ਼ਾਰ ਬੁਆਇਜ਼) ਵਿਚ ਰਹਿ ਰਹੇ ਬੱਚਿਆਂ ਲਈ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦਾ ਰਸਮੀਂ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਦੀਆਂ ਲੋੜਾਂ ਮੁਤਾਬਿਕ ਵਿਸ਼ੇਸ਼ ਰੂਪ ਰੇਖਾ ਉਲੀਕੀ ਗਈ ਹੈ। ਆਬਜ਼ਰਵੇਸ਼ਨ ਹੋਮ ਦੇ ਬੱਚੇ (ਜੋ ਆਰਜ਼ੀ ਦੇਖਭਾਲ, ਸੁਰੱਖਿਆ, ਕੌਂਸਲਿੰਗ, ਸਿੱਖਿਆ ਅਤੇ ਮੁੜ-ਵਸੇਬੇ ਲਈ ਸੰਸਥਾ ਵਿਚ ਰਹਿ ਰਹੇ ਹਨ) ਲਈ ਟਰੇਨਿੰਗ ਦਾ ਮੁੱਖ ਫ਼ੋਕਸ ਅਨੁਸ਼ਾਸਨ, ਆਤਮ-ਵਿਸ਼ਵਾਸ, ਕੌਂਸਲਿੰਗ ਸਪੋਰਟ ਅਤੇ ਲਾਭਦਾਇਕ ਰੋਜ਼ੀ-ਰੋਟੀ ਦੇ ਹੁਨਰਾਂ ’ਤੇ ਹੋਵੇਗਾ। ਦੂਜੇ ਪਾਸੇ ਸਪੈਸ਼ਲ ਹੋਮ ਦੇ ਬੱਚੇ (ਜਿਨ੍ਹਾਂ ਨੂੰ ਵਿਵਹਾਰ ਸੁਧਾਰ, ਵੋਕੇਸ਼ਨਲ ਟਰੇਨਿੰਗ ਅਤੇ ਸਮਾਜਿਕ ਮੁੱਖ ਧਾਰਾ ਵਿਚ ਮੁੜ ਸ਼ਾਮਿਲ ਕਰਨ ਦੀ ਵਧੇਰੇ ਲੋੜ ਹੁੰਦੀ ਹੈ) ਲਈ ਹੁਨਰ ਸਿਖਲਾਈ ਨੂੰ ਲੰਬੇ ਸਮੇਂ ਦੇ ਮੁੜ-ਵਸੇਬਾ ਪਲਾਨ ਨਾਲ ਜੋੜਿਆ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸੂਬੇ ਭਰ ਦੀਆਂ ਚਾਰ ਚਾਈਲਡ ਕੇਅਰ ਸੰਸਥਾਵਾਂ ਵਿਚ ਰਹਿ ਰਹੇ ਕੁੱਲ 420 ਬੱਚਿਆਂ ਵਿਚੋਂ 211 ਬੱਚਿਆਂ (ਯਾਨੀ ਲਗਪਗ 50% ਬੱਚਿਆਂ) ਨੂੰ ਰੁਜ਼ਗਾਰ ਮੁਖੀ ਕਿੱਤਿਆਂ ਵਿਚ ਵੋਕੇਸ਼ਨਲ ਟਰੇਨਿੰਗ ਦਿੱਤੀ ਜਾਵੇਗੀ। ਬੱਚਿਆਂ ਨੂੰ ਉੱਭਰ ਰਹੇ ਰੁਜ਼ਗਾਰ ਦੇ ਮੌਕਿਆਂ ਮੁਤਾਬਕ ਬਹੁਤ ਧਿਆਨ ਨਾਲ ਚੁਣੇ ਗਏ ਕੋਰਸਾਂ ਹੇਅਰ ਡਰੈਸਰ ਐਂਡ ਸਟਾਈਲਿਸਟ, ਸਮਾਰਟ ਫ਼ੋਨ ਅਸੈਂਬਲੀ ਟੈਕਨੀਸ਼ੀਅਨ ਅਤੇ ਮਲਟੀ-ਸਕਿੱਲ ਟੈਕਨੀਸ਼ੀਅਨ ਵਿਚ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਬੱਚੇ ਘੱਟ ਤੋਂ ਘੱਟ ਸਮੇਂ ਵਿਚ ਉਪਯੋਗੀ ਹੁਨਰ ਸਿੱਖ ਸਕਣ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਿਖਲਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਆਬਜ਼ਰਵੇਸ਼ਨ ਹੋਮ ਫ਼ਰੀਦਕੋਟ ਵਿਖੇ 36 ਬੱਚਿਆਂ ਨੂੰ ‘ਹੇਅਰ ਡਰੈਸਰ ਐਂਡ ਸਟਾਈਲਿਸਟ’ ਕੋਰਸ ਦੀ ਸਿਖਲਾਈ ਦਿੱਤੀ ਜਾਵੇਗੀ। ਆਬਜ਼ਰਵੇਸ਼ਨ ਹੋਮ ਲੁਧਿਆਣਾ ਵਿਖੇ ਕੁੱਲ 85 ਬੱਚਿਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ, ਜਿਨ੍ਹਾਂ ਵਿਚੋਂ 56 ਬੱਚਿਆਂ ਨੂੰ ‘ਹੇਅਰ ਡਰੈਸਰ ਐਂਡ ਸਟਾਈਲਿਸਟ’ ਅਤੇ 29 ਬੱਚਿਆਂ ਨੂੰ ‘ਸਮਾਰਟਫੋਨ ਅਸੈਂਬਲੀ ਟੈਕਨੀਸ਼ੀਅਨ ਕੋਰਸ’ ਕਰਵਾਇਆ ਜਾਵੇਗਾ। ਆਬਜ਼ਰਵੇਸ਼ਨ ਅਤੇ ਸਪੈਸ਼ਲ ਹੋਮਜ਼ ਹੋਸ਼ਿਆਰਪੁਰ ਵਿਖੇ ਰਹਿ ਰਹੇ ਕੁੱਲ 90 ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਨ੍ਹਾਂ ਵਿਚੋਂ ਸਪੈਸ਼ਲ ਹੋਮ ਦੇ 30 ਬੱਚਿਆਂ ਨੂੰ ‘ਹੇਅਰ ਡਰੈਸਰ ਐਂਡ ਸਟਾਈਲਿਸਟ’ ਅਤੇ ਆਬਜ਼ਰਵੇਸ਼ਨ ਹੋਮ ਦੇ 30 ਬੱਚਿਆਂ ਨੂੰ ‘ਮਲਟੀ-ਸਕਿੱਲ ਟੈਕਨੀਸ਼ੀਅਨ’ ਤੇ ਬਾਕੀ 30 ਬੱਚਿਆਂ ਨੂੰ ‘ਹੇਅਰ ਡਰੈਸਰ’ ਕੋਰਸ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਇਹ ਪ੍ਰੋਗਰਾਮ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਬੱਚਿਆਂ ਨੂੰ ਟਰੇਨਿੰਗ ਪੂਰੀ ਲਗਨ ਨਾਲ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਟਰੇਨਿੰਗ ਖਤਮ ਹੋਣ ਉਪਰੰਤ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ, ਗੁਰਤੇਜ ਸਿੰਘ ਡਿਪਟੀ ਡਾਇਰੈਕਟਰ ਰੁਜ਼ਗਾਰ ਵਿਭਾਗ, ਅਮਨਦੀਪ ਸਿੰਘ ਸੋਢੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸੁਪਰਡੈਂਟ ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।