ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਆਪਣੀ ਪ੍ਰੀਖਿਆ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਤਿੰਨ ਨਵੇਂ ਅਸ਼ੋਕ ਲੇਲੈਂਡ ਮਿੰਨੀ ਪਿਕ-ਅੱਪ ਟਰੱਕ ਆਪਣੇ ਵਾਹਨ ਬੇੜੇ ਵਿਚ ਸ਼ਾਮਿਲ ਕੀਤੇ ਹਨ। ਇਹ ਵਾਹਨ ਯੂਨੀਵਰਸਿਟੀ ਵਲੋਂ ਪੰਜਾਬ ਭਰ ਵਿਚ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ ਅਤੇ ਭਰਤੀ ਪ੍ਰੀਖਿਆਵਾਂ ਲਈ ਪ੍ਰੀਖਿਆ ਸਮੱਗਰੀ ਨੂੰ ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਖ਼ਰੀਦੇ ਗਏ ਹਨ। ਨਵੇਂ ਵਾਹਨਾਂ ਦੀ ਸ਼ਮੂਲੀਅਤ ਨਾਲ ਪ੍ਰੀਖਿਆ ਸਮੱਗਰੀ ਦੀ ਢੋਆ-ਢੁਆਈ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣੇਗੀ, ਜਿਸ ਨਾਲ ਗੁਪਤ ਪ੍ਰੀਖਿਆ ਸਮੱਗਰੀ ਦੀ ਸਮੇਂ ਸਿਰ ਡਿਲੀਵਰੀ ਅਤੇ ਪ੍ਰੀਖਿਆਵਾਂ ਦਾ ਨਿਰਵਿਘਨ ਸੰਚਾਲਨ ਯਕੀਨੀ ਹੋਵੇਗਾ। ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਨੇ ਨਵੇਂ ਪਿਕ-ਅੱਪ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਯੂਨੀਵਰਸਿਟੀ ਦੇ ਵਾਹਨ ਬੇੜੇ ਵਿਚ ਰਸਮੀ ਤੌਰ ’ਤੇ ਸ਼ਾਮਿਲ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰੀਖਿਆ ਪ੍ਰਬੰਧਨ ਵਿਚ ਪਾਰਦਰਸ਼ਤਾ, ਕੁਸ਼ਲਤਾ ਅਤੇ ਉੱਤਮਤਾ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਇਸ ਮੌਕੇ ਅਰਵਿੰਦ ਕੁਮਾਰ, ਰਜਿਸਟਰਾਰ ਡਾ. ਰਾਜੀਵ ਜੋਸ਼ੀ, ਐਡੀਸ਼ਨਲ ਰਜਿਸਟਰਾਰ ਸੌਦਾਗਰ ਸਿੰਘ, ਟੈਕਨੀਕਲ ਐਡਵਾਈਜ਼ਰ ਅਤੇ ਯੂਨੀਵਰਸਿਟੀ ਦੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ ਵੀ ਹਾਜ਼ਰ ਸਨ।
ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਪ੍ਰੀਖਿਆ ਸ਼ਾਖਾ ਲਈ ਵਾਹਨਾਂ ਨੂੰ ਦਿੱਤੀ ਹਰੀ ਝੰਡੀ
ਅਜੀਤ ਡੈਸਕ
25-06-2026