ਫ਼ਰੀਦਕੋਟ, 25 ਜੂਨ (ਜਸਵੰਤ ਸਿੰਘ ਪੁਰਬਾ)-ਜਨਗਣਨਾ-2026 ਦਾ ਡੋਰ-ਟੂ-ਡੋਰ ਪੜਾਅ ਮੁਕੰਮਲ ਕਰਨ ਵਾਲੇ ਗਿਣਤੀਕਾਰ/ਸੁਪਰਵਾਈਜ਼ਰ/ਟੈਕਨੀਕਲ ਸਟਾਫ਼ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਦਾ ਕੰਮ ਦੇਸ਼ ਦੀ ਯੋਜਨਾਬੰਦੀ ਤੇ ਵਿਕਾਸ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ, ਇਸ ਲਈ ਇਸ ਨੂੰ ਸਮੇਂ ਸਿਰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਜਨਗਣਨਾ ਰਾਸ਼ਟਰ ਨਿਰਮਾਣ ਦਾ ਇਕ ਮਹੱਤਵਪੂਰਨ ਥੰਮ ਹੈ ਤੇ ਸਾਰੇ ਕਰਮਚਾਰੀਆਂ ਵਲੋਂ ਫ਼ਰੀਦਕੋਟ ਜ਼ਿਲ੍ਹੇ ਅੰਦਰ ਰਾਸ਼ਟਰੀ ਕਾਰਜ ਨੂੰ ਸਮੇਂ ਸਿਰ ਪੂਰੀ ਲਗਨ ਤੇ ਜ਼ਿੰਮੇਵਾਰੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਜਨਗਣਨਾ ਦੇ ਕੰਮ ਨੂੰ ਮੁਕੰਮਲ ਕਰਨ ਲਈ 1003 ਗਿਣਤੀਕਾਰ ਤੇ 162 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 44 ਅਧਿਕਾਰੀਆਂ/ਕਰਮਚਾਰੀਆਂ ਨੇ ਆਪਣਾ ਕੰਮ ਸਮੇਂ ਤੋਂ ਪਹਿਲਾਂ ਮੁਕੰਮਲ ਕੀਤਾ ਹੈ। ਉਨ੍ਹਾਂ ਸਭ ਨੂੰ ਵਧਾਈਦਿੱਤੀ ਅਤੇ ਹਰ ਜ਼ਿੰਮੇਵਾਰੀ, ਡਿਊਟੀ ਹਮੇਸ਼ਾ ਖੁਸ਼ੀ-ਖੁਸ਼ੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਤੀਜੇ ਪੜ੍ਹਾਅ ਦਾ ਕੰਮ ਵੀ ਹੋਰ ਸੁਹਿਰਦਤਾ ਨਾਲ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਨ੍ਹਾਂ ਕਰਮਚਾਰੀਆਂ ਦੀ ਜਨਗਣਨਾ ਦੇ ਸਰਵੇ ਲਈ ਡਿਊਟੀ ਲਗਾਈ ਗਈ ਸੀ, ਇਨ੍ਹਾਂ ਸਾਰੇ ਕਰਮਚਾਰੀਆਂ ਨੇ ਸਮੇਂ ਤੋਂ ਪਹਿਲਾਂ ਹੀ ਸੰਚਾਰੂ ਤਰੀਕੇ ਨਾਲ ਕੰਮ ਨੂੰ ਪੂਰਾ ਕਰਕੇ ਆਪਣਾ ਅਹਿਮ ਫਰਜ਼ ਅਦਾ ਕੀਤਾ ਹੈ। ਇਸ ਮੌਕੇ ਗਿਣਤੀਕਾਰਾਂ/ ਸੁਪਰਵਾਈਜ਼ਰਾਂ ਸਟਾਫ਼ ਵਲੋਂ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਡਿਪਟੀ ਈ.ਐਸ.ਏ. ਗੁਰਿੰਦਰ ਸਿੰਘ, ਅਮਰੀਕ ਸਿੰਘ, ਡੀ.ਪੀ.ਆਰ.ਓ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ, ਮਨਪ੍ਰੀਤ ਕੌਰ ਯੰਗ ਪ੍ਰੋਫੈਸ਼ਨਲ, ਗੁਰਦੀਪ ਸਿੰਘ ਟੈਕਨੀਕਲ ਸਹਾਇਕ ਹਾਜ਼ਰ ਸਨ।