ਲੰਬੀ, 28 ਜੂਨ (ਮੇਵਾ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਲੰਬੀ ਡਾ. ਹਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਸਿਹਤ ਵਰਕਰਾਂ ਵਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਲੋਕਾਂ ਨੇ ਇਹ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਨਜ਼ਦੀਕੀ ਪੋਲੀਓ ਬੂਥ ’ਤੇ ਲਿਜਾ ਕੇ ਪੋਲੀਓ ਰੋਧਕ ਬੂੰਦਾਂ ਪਿਲਾਉਣ ਅਤੇ ਸਿਹਤ ਵਿਭਾਗ ਦੁਆਰਾ ਗਠਿਤ ਟੀਮਾਂ ਦਾ ਪੂਰਨ ਸਹਿਯੋਗ ਕਰਨ ਤਾਂ ਜੋ ਇਸ ਮੁਹਿੰਮ ਨੂੰ ਪੂਰਨ ਰੂਪ ਵਿਚ ਸਫਲ ਕੀਤਾ ਜਾ ਸਕੇ। ਇਸ ਦੌਰਾਨ ਨੋਡਲ ਅਫ਼ਸਰ ਡਾ. ਸ਼ਕਤੀ ਨੇ ਦੱਸਿਆ ਕਿ ਸਾਰੇ ਸ਼ਹਿਰੀ ਖੇਤਰਾਂ ਅਤੇ ਪਿੰਡਾਂ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਦੌਰਾਨ ਪਹਿਲੇ ਦਿਨ ਬੂਥਾਂ ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ। ਇਸ ਮੌਕੇ ਅਮਨ ਕੰਬੋਜ ਬਲਾਕ ਐਜੂਕੇਟਰ ਨੇ ਦੱਸਿਆ ਕਿ ਤਿੰਨ ਦਿਨ 28 ਜੂਨ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਅੱਜ ਪਹਿਲੇ ਦਿਨ ਬਲਾਕ ਲੰਬੀ ਅੰਦਰ 71 ਬੂਥ ਅਤੇ 2 ਟਰਾਂਜ਼ਿਟ ਬੂਥਾਂ ਵਿੱਖੇ ਟੀਮਾਂ ਵਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।