ਫ਼ਰੀਦਕੋਟ, 30 ਜੂਨ (ਸਰਬਜੀਤ ਸਿੰਘ)-ਨਗਰ ਕੌਂਸਲ ਫ਼ਰੀਦਕੋਟ ਦੇ ਸਫ਼ਾਈ ਕਾਮਿਆਂ ਨੇ ਪਿਛਲੇ 11 ਦਿਨਾਂ ਤੋਂ ਕੰਮ ਨੂੰ ਬੰਦ ਕਰਕੇ ਹੜਤਾਲ ਕੀਤੀ ਹੋਈ ਹੈ ਅਤੇ ਨਗਰ ਕੌਂਸਲ ਦਫ਼ਤਰ ਅੱਗੇ ਪ੍ਰਧਾਨ ਸੰਤ ਰਾਮ ਦੀ ਅਗਵਾਈ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਨ ਕੀਤਾ ਜਾ ਰਿਹਾ ਹੈ। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਕੂੜੇ ਕਰਕਟ ਅਤੇ ਇਸ ਦੀ ਬਦਬੂ ਨਾਲ ਭਰਿਆ ਪਿਆ ਹੈ। ਹਰ ਪਾਸੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜੋ ਕਿ ਬਿਮਾਰੀਆਂ ਫ਼ੈਲਾ ਰਹੇ ਹਨ। ਲੋਕਾਂ ਦਾ ਲੰਘਣਾ ਟੱਪਣਾ ਅਤੇ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਕਈ ਥਾਵਾਂ ’ਤੇ ਤਾਂ ਲੋਕਾਂ ਵਲੋਂ ਆਪ ਹੀ ਕੂੜੇ ਨੂੰ ਅੱਗ ਲਗਾਈ ਗਈ ਹੈ। ਜਿਸ ਕਾਰਨ ਜਿੱਥੇ ਧੂੰਆਂ ਫ਼ੈਲ ਰਿਹਾ ਹੈ ਉਥੇ ਅੱਗ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਦੇ ਚੌਕਾਂ, ਗਲੀਆਂ-ਮੁਹੱਲਿਆਂ, ਨਾਲੀਆਂ-ਨਾਲੇ ਅਤੇ ਹਰ ਮੋੜ ’ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜੋ ਕਿ ਨਾ ਤਾਂ ਪ੍ਰਸ਼ਾਸਨ ਨੂੰ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ। ਪ੍ਰਧਾਨ ਸੰਤ ਰਾਮ, ਅਸ਼ੋਕ ਸਾਰਵਾਨ, ਸੂਬਾ ਪ੍ਰਧਾਨ, ਰਮੇਸ਼ ਕੁਮਾਰ ਨਿਨੂੰ, ਖਜ਼ਾਨਚੀ, ਕੁਲਦੀਪ ਸ਼ਰਮਾ ਮੁੱਖ ਸਲਾਹਕਾਰ ਤੇ ਕੁਲਦੀਪ ਕੁਮਾਰ ਨੇ ਸੰਬੋਧਨ ਕਰਦੇ ਹੋੲੈ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਪ੍ਰਸ਼ਾਸਨ ਨੂੰ ਮਿਲਦੇ ਹਨ ਤਾਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਗਰ ਕੌਂਸਲ ਕੋਲ ਤਨਖਾਹਾਂ ਦੇਣ ਨੂੰ ਇਕ ਵੀ ਪੈਸਾ ਨਹੀਂ ਹੈ ਅਤੇ ਨਾ ਹੀ ਸਰਕਾਰ ਨਗਰ ਕੌਂਸਲ ਨੂੰ ਪੈਸਾ ਭੇਜ ਰਹੀ ਹੈ। ਬਲਾਰਿਆਂ ਨੇ ਕਿਹਾ ਕਿ ਸਫਾਈ ਕਾਮੇ ਪਹਿਲਾਂ ਹੀ 10-12 ਹਾਜ਼ਰ ਦੀ ਨਿਗੁਣੀ ਜਿਹੀ ਤਨਖਾਹ ’ਤੇ ਕੰਮ ਕਰਦੇ ਹਨ ਤੇ ਜੇਕਰ ਉਹ ਵੀ ਦੋ ਮਹੀਨੇ ਤੋਂ ਨਹੀਂ ਮਿਲੇ ਤਾਂ ਘਰਾਂ ਦਾ ਗੁਜਾਰਾ ਤੇ ਦੁੱਧ, ਰਾਸ਼ਨ, ਬਿਜਲੀ ਦੇ ਬਿੱਲ ਆਦਿ ਕਿਵੇਂ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਅੱਜ ਜਦੋਂ ਨਗਰ ਕੌਂਸਲ ਦੇ ਈ.ਓ ਨਾਲ ਇਸ ਸਬੰਧੀ ਗੱਲਬਾਤ ਹੋਈ ਤਾਂ ਈ.ਓ. ਦਾ ਬੋਲਣ ਦਾ ਵਤੀਰਾ ਬਹੁਤ ਹੀ ਨਿੰਦਣਯੋਗ ਸੀ। ਦੂਜੇ ਪਾਸੇ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਐਮ.ਸੀ. ਸ਼ਹਿਰ ਦੀ ਸਾਫ਼ ਸਫ਼ਾਈ ਨੂੰ ਲੈ ਕੇ ਸਫ਼ਾਈ ਕਾਮਿਆਂ ਦੇ ਮਗਰ-ਮਗਰ ਫਿਰਦੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਕਿਸੇ ਐਮ.ਸੀ., ਨਾ ਫ਼ਰੀਦਕੋਟ ਦੇ ਵਿਧਾਇਕ, ਨਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਸਫ਼ਾਈ ਕਾਮਿਆ ਦੀ ਸਾਰ ਲਈ ਗਈ। ਜਿਸ ਕਾਰਨ ਸਫ਼ਾਈ ਕਾਮਿਆ ਵਿਚ ਭਾਰੀ ਰੋਸ ਹੈ। ਸਫਾਈ ਸੇਵਕ ਯੂਨੀਅਨ ਵਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ। ਧਰਨੇ ਨੂੰ ਵਿੱਕੀ ਗੈਚੰਡ ਜ਼ਿਲ੍ਹਾ ਸੈਕਟਰੀ, ਮਨਦੀਪ ਕੁਮਾਰ, ਨਿਸ਼ਾਨ ਸਿੰਘ, ਅਸ਼ਵਨੀ, ਪਰਮਾ ਨੰਦ, ਸੁਨੀਲ ਕੁਮਾਰ, ਵਿਕਾਸਦੀਪ, ਵਿਕਰਮ ਚੌਹਾਨ, ਰਣਬੀਰ, ਰਜਤ, ਸ਼ੇਖਰ, ਰਾਜ ਕੁਮਾਰ ਟਾਕ ਆਦਿ ਹਾਜ਼ਰ ਸਨ।