03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਗਿੱਦੜਬਾਹਾ ਵਿਖੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ 10ਵੇਂ ਦਿਨ ’ਚ ਦਾਖ਼ਲ

Ad Position 21
No active advertisement
ਅਜੀਤ ਡੈਸਕ 18-07-2026
ਗਿੱਦੜਬਾਹਾ, 17 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਚ ਸਫ਼ਾਈ ਕਾਮਚਾਰੀਆਂ ਦੀ ਹੜਤਾਲ 10ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਸਮੂਹ ਕਰਮਚਾਰੀਆਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਗਿੱਦੜਬਾਹਾ ਸ਼ਹਿਰ ਅੰਦਰ ਸਫ਼ਾਈ ਨਾ ਹੋਣ ਕਰਕੇ ਜਨਤਕ ਥਾਵਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਪਹਿਲਾਂ ਤੋਂ ਹੀ ਸ਼ਹਿਰ ਦੀ ਬਦਤਰ ਹਾਲਤ ਕਾਰਨ ਸ਼ਹਿਰ ਅੰਦਰ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ। ਸਫ਼ਾਈ ਕਰਮਚਾਰੀਆਂ ਵਲੋਂ ਨਗਰ ਕੌਂਸਲ ਦੇ ਦਫ਼ਤਰ ਵਿਚ ਲਗਾਤਾਰ ਰੋਸ ਧਰਨਾ ਜਾਰੀ ਹੈ। ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਗਿੱਦੜਬਾਹਾ ਸ਼ਹਿਰ ਵਿਚ ਸੀਵਰੇਜ ਦੀਆਂ ਪਾਈਪਾਂ ਤੇ ਪਾਣੀ ਸਪਲਾਈ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਸ਼ਹਿਰ ਅੰਦਰ ਹਰ ਪਾਸੇ ਦੂਸ਼ਿਤ ਧੂੜ ਉਡਦੀ ਦਿਖਾਈ ਦਿੰਦੀ ਹੈ। ਤਾਜ਼ਾ ਸਥਿਤੀ ਇਹ ਹੈ ਕਿ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਗਈ ਅਣਮਿੱਥੇ ਸਮੇਂ ਲਈ ਹੜਤਾਲ ਕਾਰਨ ਸ਼ਹਿਰ ਅੰਦਰ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗ ਗਏ ਹਨ। ਸ਼ਹਿਰ ਅੰਦਰ ਉਡਦੀ ਦੂਸ਼ਿਤ ਧੂੜ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਪਰੋਂ ਮੌਨਸੂਨ ਦਾ ਸਮਾਂ ਚੱਲ ਰਿਹਾ ਹੈ। ਜੇਕਰ ਭਰਵੀਂ ਬਾਰਿਸ਼ ਪੈ ਜਾਂਦੀ ਹੈ ਤਾਂ ਸ਼ਹਿਰ ਦੀ ਹਾਲਤ ਬਦਤਰ ਹੋ ਸਕਦੀ ਹੈ। ਕਈ ਮੁਹੱਲਿਆਂ ਵਿਚ ਤਾਂ ਸੀਵਰੇਜ ਓਵਰਫ਼ਲੋ ਹੋ ਜਾਂਦਾ ਹੈ ਅਤੇ ਸਫ਼ਾਈ ਵਿਵਸਥਾ ਠੀਕ ਨਾ ਹੋਣ ਕਰਕੇ ਆਮ ਸ਼ਹਿਰੀ ਪ੍ਰੇਸ਼ਾਨ ਹੋ ਰਿਹਾ ਹੈ। ਸਬਜ਼ੀ ਮੰਡੀ ਕੂੜੇ ਦੇ ਡੰਪ ਵਿਚੋਂ ਆ ਰਹੀ ਗੰਦੀ ਬਦਬੂ ਕਾਰਨ ਬਿਮਾਰੀਆਂ ਦੇ ਕੀਟਾਣੂ ਸਬਜ਼ੀ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਬਿਮਾਰੀਆਂ ਫ਼ੈਲ ਸਕਦੀਆਂ ਹਨ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਸੁਨੇਹੇ ’ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਕ ਮਹੀਨਾ ਪਹਿਲਾਂ ਹੜਤਾਲ ਕੀਤੀ ਗਈ ਸੀ, ਜਿਸ ’ਤੇ ਸਰਕਾਰ ਵਲੋਂ ਮੰਗਾਂ ਮੰਨੇ ਜਾਣ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਸੀ, ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਅਜੇ ਤੱਕ ਮੰਨੀਆਂ ਨਹੀਂ ਗਈਆਂ। ਇਸ ਲਈ ਉਨ੍ਹਾਂ ਵਲੋਂ ਫ਼ਿਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਬੀਤੇ ਦਿਨੀਂ ਸੰਗਰੂਰ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਅੰਨ੍ਹੇਵਾਹ ਕੀਤੇ ਗਏ ਤਸ਼ੱਦਤ ਦੀ ਉਹ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਕਥਾ ਦੀ ਸੰਪੂਰਨਤਾ ’ਤੇ ਸਮਾਗਮ ਕਰਵਾਇਆ ਅਗਲੀ ਖ਼ਬਰ ਪੁਲਿਸ ਵਲੋਂ ਬੱਸ ਸਟੈਂਡਾਂ ’ਤੇ ਵਿਸ਼ੇਸ਼ ਚੈਕਿੰਗ
Ad Position 24
No active advertisement