03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ੍ਰੀ ਦਰਬਾਰ ਸਾਹਿਬ ਵਿਖੇ ਕਥਾ ਦੀ ਸੰਪੂਰਨਤਾ ’ਤੇ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 18-07-2026
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗੁਰਇਤਿਹਾਸ ਦੀ ਕਥਾ 6 ਸਾਲ ਬਾਅਦ ਸੰਪੂਰਨ ਹੋਣ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਸੰਗਤਾਂ ਦੇ ਸਨਮੁਖ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਤੁਸੀਂ ਭਾਗਾਂ ਵਾਲੇ ਹੋ ਕੇ ਗਿਆਨੀ ਜਗਬੀਰ ਸਿੰਘ ਤੋਂ ਲਗਾਤਾਰ ਸ਼ਾਮ ਮੌਕੇ ਸੂਰਜ ਪ੍ਰਕਾਸ਼ ਦੀ ਕਥਾ ਸਰਵਣ ਕੀਤੀ। ਉਨ੍ਹਾਂ ਇਤਿਹਾਸਿਕ ਧਰਤੀ ਸ੍ਰੀ ਮੁਕਤਸਰ ਸਾਹਿਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਧਰਤੀ ’ਤੇ ਜ਼ੁਲਮ ਖ਼ਿਲਾਫ਼ ਆਖ਼ਰੀ ਜੰਗ ਲੜ ਕੇ ਫ਼ਤਿਹ ਹਾਸਿਲ ਕੀਤੀ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਕਮਰਕੱਸੇ ਵਿਚ ਸੰਭਾਲ ਕੇ ਰੱਖਿਆ ਬੇਦਾਵੇ ਦਾ ਕਾਗ਼ਜ਼ ਭਾਈ ਮਹਾਂ ਸਿੰਘ ਨੂੰ ਬੁੱਕਲ ਵਿਚ ਲੈ ਕੇ ਉਨ੍ਹਾਂ ਸਾਹਮਣੇ ਪਾੜ੍ਹ ਕੇ ਸਿੰਘਾਂ ਦੀ ਟੁੱਟੀ ਗੰਢ ਕੇ ਇਤਿਹਾਸ ਦੀ ਵਿਲੱਖਣ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨਾ ਚਾਹੀਦਾ ਹੈ ਅਤੇ ਗੁਰਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਰਤਨ ਸਿੰਘ ਭੰਗੂ ਦੁਆਰਾ ਲਿਖੇ ਹੋਏ ਪੰਥ ਪ੍ਰਕਾਸ਼ ਦੀ ਅੱਜ ਕਥਾ ਦੀ ਆਰੰਭਤਾ ਸ਼ੁਰੂ ਹੋ ਗਈ ਹੈ। ਸੰਗਤ ਨੂੰ ਇਹ ਕਥਾ ਰੋਜ਼ਾਨਾ ਸਰਵਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਨਿਤਨੇਮ ਦੀ ਜ਼ਰੂਰ ਸੰਥਿਆ ਕਰਵਾਈ ਜਾਵੇ ਤਾਂ ਜੋ ਬੱਚੇ ਸ਼ੁੱਧ ਨਿਤਨੇਮ ਕਰ ਸਕਣ। ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਬੀਰ ਸਿੰਘ ਜੋ ਰੋਜ਼ਾਨਾ ਕਥਾ ਦੀ ਸੇਵਾ ਨਿਭਾਉਂਦੇ ਹਨ, ਨੂੰ ਅੱਜ ਸੂਰਜ ਪ੍ਰਕਾਸ਼ ਦੀ ਕਥਾ ਸੰਪੂਰਨ ਹੋਣ ’ਤੇ ਵਿਸ਼ੇਸ਼ ਤੌਰ ’ਤੇ ਗਿਆਨੀ ਅਮਰਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਸਭਾ ਸੁਸਾਇਟੀਆਂ ਵਲੋਂ ਵੀ ਗਿਆਨੀ ਅਮਰਜੀਤ ਸਿੰਘ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਕੋਲਿਆਂਵਾਲੀ ਤੇ ਗਿਆਨੀ ਜਗਬੀਰ ਸਿੰਘ ਰਾਣੀਵਾਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰਮਲਜੀਤ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਵਲੋਂ ਗਿਆਨੀ ਅਮਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਸੁਮੇਰ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਵਲੋਂ ਨਿਭਾਈ ਗਈ। ਇਸ ਮੌਕੇ ਤੇਜਾ ਸਿੰਘ ਨੰਦਗੜ੍ਹ, ਅਜੀਤ ਸਿੰਘ ਚੱਕ ਸ਼ੇਰੇਵਾਲਾ ਵਲੋਂ ਸੰਗਤ ਦੀ ਤਰਫ਼ੋਂ ਗਿਆਨੀ ਜਗਬੀਰ ਸਿੰਘ ਨੂੰ ਸਨਮਾਨਿਤ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਪਾਲ ਸਿੰਘ ਪਾਲੀ ਨੇ ਸਨਮਾਨਿਤ ਕੀਤਾ। ਰੋਜ਼ਾਨਾ ਕਥਾ ਸਰਵਣ ਕਰਨ ਵਾਲੀਆਂ ਬੀਬੀਆਂ ਵਲੋਂ ਬੀਬੀ ਰਾਣੀ ਕੌਰ ਤੇ ਬੀਬੀ ਬਲਵਿੰਦਰ ਕੌਰ ਦੁਆਰਾ ਗਿਆਨੀ ਅਮਰਜੀਤ ਸਿੰਘ ਤੇ ਗਿਆਨੀ ਜਗਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸੁਮੇਰ ਸਿੰਘ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗਿਆਨੀ ਜਗਬੀਰ ਸਿੰਘ ਦੇ ਪਿਤਾ ਹਰਬੰਸ ਸਿੰਘ ਪਿੰਡ ਰਾਣੀਵਾਲਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਤ ਮੈਨੇਜਰ ਸੁਖਦੇਵ ਸਿੰਘ ਮੋਹਲਾਂ, ਕੁਲਵੰਤ ਸਿੰਘ ਝਬੇਲਵਾਲੀ ਅਕਾਊਂਟੈਂਟ, ਗੁਰਮੀਤ ਸਿੰਘ ਸੰਧੂ ਖ਼ਜ਼ਾਨਚੀ, ਸੁਖਰਾਜ ਸਿੰਘ ਦੋਦਾ ਸੁਪਰਵਾਈਜ਼ਰ, ਭਾਈ ਗੁਰਮੇਲ ਸਿੰਘ ਗ੍ਰੰਥੀ, ਅੰਗਰੇਜ਼ ਸਿੰਘ ਗ੍ਰੰਥੀ, ਅੰਮ੍ਰਿਤਪਾਲ ਸਿੰਘ ਗ੍ਰੰਥੀ, ਗੁਰਜੀਤ ਸਿੰਘ ਹਜ਼ੂਰੀ ਰਾਗੀ, ਗਗਨਦੀਪ ਸਿੰਘ ਹਜ਼ੂਰੀ ਰਾਗੀ, ਜਗਨੰਦਨ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਾਲਮੇਲ ਕਮੇਟੀ ਦੇ ਐਕਸ਼ਨ ’ਚ ਮੁਲਾਜ਼ਮਾਂ ਨੇ ਕੀਤੀ ਸ਼ਮੂਲੀਅਤ, 7 ਅਗਸਤ ਦੀ ਚੰਡੀਗੜ੍ਹ ਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਐਲਾਨ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ 10ਵੇਂ ਦਿਨ ’ਚ ਦਾਖ਼ਲ
Ad Position 24
No active advertisement