ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਜਲਾਲਾਬਾਦ ਰੋਡ ਸਥਿਤ ਬੀ/30 ਰੇਲਵੇ ਫਾਟਕ ਸਥਾਈ ਤੌਰ ’ਤੇ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ। ਇਸ ਸਮੱਸਿਆ ਨੂੰ ਲੈ ਕੇ ਫਾਟਕ ਪਾਰ ਦੇ ਦੁਕਾਨਦਾਰਾਂ ਨੇ ਡੀ.ਸੀ. ਦਫ਼ਤਰ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਦੁਕਾਨਦਾਰਾਂ ਨੇ ਡੀ.ਸੀ. ਨੂੰ ਇਸ ਗੰਭੀਰ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਜਲਾਲਾਬਾਦ ਰੋਡ ’ਤੇ ਸਥਿਤ ਬੀ/30 ਰੇਲਵੇ ਫਾਟਕ ਨੂੰ ਰੇਲਵੇ ਓਵਰਬ੍ਰਿਜ ਬਣਨ ਤੋਂ ਬਾਅਦ ਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਹਰ ਰੋਜ਼ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਰਸਤਾ ਪਿਛਲੇ ਲਗਪਗ 300 ਸਾਲਾਂ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਸੰਗਤ ਦਾ ਮੁੱਖ ਮਾਰਗ ਰਿਹਾ ਹੈ। ਹਰ ਸਾਲ ਮਾਘੀ ਮੇਲੇ ਦੌਰਾਨ ਵੀ ਲੱਖਾਂ ਸ਼ਰਧਾਲੂ ਇਸੇ ਰਸਤੇ ਰਾਹੀਂ ਆਉਂਦੇ-ਜਾਂਦੇ ਰਹੇ ਹਨ। ਫਾਟਕ ਬੰਦ ਹੋਣ ਕਾਰਨ 400 ਤੋਂ ਵੱਧ ਦੁਕਾਨਾਂ ਦੇ ਵਪਾਰ ’ਤੇ ਬੁਰਾ ਅਸਰ ਪਿਆ ਹੈ। ਵਿਦਿਆਰਥੀਆਂ, ਬਜ਼ੁਰਗਾਂ, ਮਰੀਜ਼ਾਂ, ਔਰਤਾਂ ਤੇ ਆਮ ਲੋਕਾਂ ਨੂੰ ਕਈ ਕਿੱਲੋਮੀਟਰ ਦਾ ਵਾਧੂ ਚੱਕਰ ਲਗਾ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ, ਜਿਸ ਨਾਲ ਸਮੇਂ, ਪੈਸੇ ਤੇ ਇੰਧਨ ਦੀ ਬੇਲੋੜੀ ਬਰਬਾਦੀ ਹੋ ਰਹੀ ਹੈ। ਰੇਲਵੇ ਵਲੋਂ ਪੈਦਲ ਯਾਤਰੀਆਂ ਲਈ ਬਣਾਈਆਂ ਗਈਆਂ ਪੌੜੀਆਂ ਬਹੁਤ ਉਚੀਆਂ ਤੇ ਲੰਮੀਆਂ ਹਨ। ਗੋਡਿਆਂ ਦੇ ਦਰਦ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਤੇ ਹੋਰ ਸਰੀਰਕ ਸਮੱਸਿਆਵਾਂ ਨਾਲ ਪੀੜ੍ਹਤ ਬਜ਼ੁਰਗਾਂ ਲਈ ਇਹ ਪੌੜੀਆਂ ਚੜ੍ਹਨਾ ਬਹੁਤ ਔਖਾ ਹੈ। ਇਸੇ ਤਰ੍ਹਾਂ ਛੋਟੇ ਬੱਚਿਆਂ, ਅੰਗਹੀਣ ਵਿਅਕਤੀਆਂ ਤੇ ਗਰਭਵਤੀ ਔਰਤਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫ਼ਦ ਨੇ ਮੰਗ ਕੀਤੀ ਕਿ ਇਸ ਜਨਹਿੱਤ ਦੇ ਮੁੱਦੇ ਵਿਚ ਨਿੱਜੀ ਦਿਲਚਸਪੀ ਲੈਂਦੇ ਹੋਏ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਸਥਾਨ ’ਤੇ ਰੋਡ ਅੰਡਰਬ੍ਰਿਜ, ਸਬਵੇ ਜਾਂ ਆਮ ਲੋਕਾਂ ਲਈ ਕੋਈ ਹੋਰ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਦਾ ਰਸਤਾ ਜਲਦ ਤੋਂ ਜਲਦ ਮਨਜ਼ੂਰ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਜੇ ਲੂਣਾ, ਅੰਕੁਸ਼ ਤੇਰ੍ਹੀਆ, ਸੁਰਿੰਦਰ ਦਾਬੜਾ, ਵਿਜੇ ਚੁੱਘ, ਡਿੰਪਲ ਜੈਨ, ਗੁਰਮੀਤ ਸਿੰਘ, ਵਿੱਕੀ ਸੇਤੀਆ, ਮਹੇਸ਼ ਕੁਮਾਰ, ਕ੍ਰਿਸ਼ਨ ਲਾਲ ਸਮੇਤ ਵੱਡੀ ਗਿਣਤੀ ਵਿਚ ਜਲਾਲਾਬਾਦ ਰੋਡ ਫਾਟਕ ਨੇੜਲੇ ਦੁਕਾਨਦਾਰ ਮੌਜੂਦ ਸਨ। ਇਸ ਦੌਰਾਨ ਹੀ ਛਾਉਣੀ ਨਿਹੰਗ ਸਿੰਘਾਂ ਦਲ ਬਾਬਾ ਬਿਧੀ ਚੰਦ ਡੇਰਾ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਨੇ ਵੀ ਪ੍ਰਸ਼ਾਸਨ ਨੂੰ ਇਸ ਮਸਲੇ ਨੂੰ ਲੈ ਕੇ ਰੇਲ ਮੰਤਰੀ ਦੇ ਨਾਂਅ ਸੰਬੋਧਤ ਮੰਗ ਪੱਤਰ ਸੌਂਪਿਆ। ਸੇਵਾਦਾਰ ਦਾਸ ਗੁਰਦੇਵ ਸਿੰਘ ਤੇ ਹੋਰ ਨਿਹੰਗ ਸਿੰਘਾਂ ਨੇ ਕਿਹਾ ਕਿ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੱਕ ਸਿੱਧਾ ਰਸਤਾ ਇਹੀ ਹੀ ਹੈ। ਮਾਘੀ ਦੇ ਪਾਵਨ ਦਿਹਾੜੇ ’ਤੇ ਬਹੁਤ ਭਾਰੀ ਇਕੱਠ ਵਿਚ ਸੰਗਤਾਂ ਛਾਉਣੀ ਬਾਬਾ ਬਿਧੀ ਚੰਦ ਸਾਹਿਬ ਵਿਖੇ ਪਹੁੰਚਦੀਆਂ ਹਨ। ਸੰਗਤਾਂ ਤੇ ਨਗਰ ਕੀਰਤਨ ਵਾਲੇ ਪ੍ਰਬੰਧਕਾਂ ਨੂੰ ਰਾਹ ਸਿੱਧਾ ਨਾ ਮਿਲਣ ’ਤੇ ਬਹੁਤ ਮੁਸ਼ਕਿਲ ਆਉਂਦੀ ਹੈ। ਨਿਹੰਗ ਸਿੰਘਾਂ ਵਲੋਂ ਜੋ 15 ਜਨਵਰੀ ਨੂੰ ਮਹੱਲੇ ਕੱਢੇ ਜਾਂਦੇ ਹਨ, ਜਿਸ ਵਿਚ ਘੋੜਿਆਂ ਅਤੇ ਹਾਥੀਆਂ ਨੂੰ ਲੰਘਣ ਲਈ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜੋ ਪੁਲ ਥੱਲੇ ਫਾਟਕ ਹੈ, ਇਸ ਨੂੰ ਖੋਲਿ੍ਹਆ ਜਾਵੇ ਤਾਂ ਜੋ ਸੰਗਤ ਨੂੰ ਪ੍ਰੇਸ਼ਾਨੀ ਨਾ ਆਵੇ।