ਬਰਗਾੜੀ, 21 ਜੁਲਾਈ (ਲਖਵਿੰਦਰ ਸ਼ਰਮਾ)-ਸਬ ਡਵੀਜਨ ਬਰਗਾੜੀ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਦੋ ਦਿਨ ਸਮੂਹਿਕ ਛੁੱਟੀ ਦਾ ਐਲਾਨ ਕਰਕੇ ਦਫ਼ਤਰ ਬਰਗਾੜੀ ਵਿਖੇ ਰੋਸ ਰੈਲੀ ਕੀਤੀ। ਪੀ.ਐਸ.ਈ.ਬੀ ਜੁਆਇੰਟ ਫ਼ੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਟੇਸ਼ਨ ਯੂਨੀਅਨ, ਐਮ.ਓ.ਯੂ ਜਥੇਬੰਦੀ, ਪੈਨਸ਼ਨਰ ਯੂਨੀਅਨਾਂ ਆਦਿ ਦੇ ਸੱਦੇ ’ਤੇ ਸਬ ਡਵੀਜਨ ਬਰਗਾੜੀ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਦਫ਼ਤਰ ਬਰਗਾੜੀ ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਕ ਕਮੇਟੀ ਦੇ ਵਿਰੁੱਧ ਭਰਵੀਂ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਰੈਲੀ ਨੂੰ ਟੀ.ਐਸ.ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਭਾਣਾ, ਫ਼ੈਡਰੇਸ਼ਨ ਏਟਕ ਦੇ ਜਸਵਿੰਦਰ ਸਿੰਘ ਬਰਗਾੜੀ, ਨਵਪ੍ਰੀਤ ਸ਼ਰਮਾ, ਡਵੀਜਨ ਆਗੂ ਕੁਲਦੀਪ ਸਿੰਘ ਮੱਤਾ, ਟੀ ਐਸ ਯੂ ਬਰਗਾੜੀ ਦੇ ਵਿਕਰਮਜੀਤ ਸਿੰਘ, ਏਟਕ ਦੇ ਗੁਰਨਾਮ ਸਿੰਘ, ਟੀ ਐਸ ਯੂ ਪ੍ਰਧਾਨ ਯਾਦਵਿੰਦਰ ਸ਼ਰਮਾ ਬਰਗਾੜੀ, ਗੁਰਵਿੰਦਰ ਗੋਰਾ, ਸੁਖਮੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਬਿਜਲੀ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਕ ਹੀ ਪੋਸਟ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤਿੰਨ ਤਰਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਮੁਲਾਜ਼ਮਾਂ ਨੂੰ ਨਵਾਂ ਸਕੇਲ ਲਾਗੂ ਕਰਕੇ ਲੁਟਿੱਆ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। 35400 ਰੁਪਏ ਦਾ ਸਕੇਲ ਲਾਗੂ ਨਹੀਂ ਕੀਤਾ ਜਾ ਰਿਹਾ। ਖਾਲੀ ਪਈਆਂ ਅਸਾਮੀਆਂ ਨਵੀਂ ਭਰਤੀ ਕਰਕੇ ਭਰੀਆਂ ਨਹੀਂ ਜਾ ਰਹੀਆਂ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਡੀ ਸੀ ਰੇਟਾਂ ’ਤੇ ਤਨਖਾਹ ਦਿੱਤੀ ਜਾ ਰਹੀ ਹੈ। ਵਿਛੜੇ ਸਾਥੀਆਂ ਨੂੰ ਸਪੈਸ਼ਲ ਪੈਨਸਨ ਨਹੀਂ ਦਿੱਤੀ ਜਾ ਰਹੀ। ਬੁਲਾਰਿਆਂ ਨੇ ਕਿਹਾ ਕਿ ਜੇਕਰ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਤੇ ਕੋਈ ਗੌਰ ਨਾ ਕੀਤਾ ਗਿਆ ਤਾਂ ਇਹ ਦੋ ਦਿਨ ਦੀ ਛੁੱਟੀ ਲੰਮੀ ਵੀ ਕੀਤੀ ਜਾ ਸਕਦੀ ਹੈ ਅਤੇ ਬਿਲਕੁਲ ਮੁਕੰਮਲ ਹੜਤਾਲ ਕਰਕੇ ਲੰਮਾਂ ਸੰਘਰਸ਼ ਸ਼ੁਰੂ ਕੀਤਾ ਜਾ ਸਕਦਾ ਹੈ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿਜਲੀ ਸਪਲਾਈ ’ਤੇ ਪੈਣ ਵਾਲੇ ਅਸਰ ਅਤੇ ਹੋਰ ਨੁਕਸਾਨ ਲਈ ਪੰਜਾਬ ਸਰਕਾਰ ਅਤੇ ਪਾਵਰਕਾਮ ਜ਼ਿੰਮੇਵਾਰ ਹੋਣਗੀਆਂ।
ਬਰਗਾੜੀ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਦੋ ਦਿਨ ਦੀ ਸਮੂਹਿਕ ਛੁੱਟੀ ਕਰਕੇ ਕੀਤੀ ਰੋਸ ਰੈਲੀ
ਅਜੀਤ ਡੈਸਕ
22-07-2026