ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸੂਬਾ ਸਰਕਾਰ ਵਲੋਂ ਲਗਾਤਾਰ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਨਾਲ ਜੁੜਨ ਲੱਗੇ ਹਨ। ਜਿਸ ਤਹਿਤ ਸਥਾਨਕ ਵਾਰਡ ਨੰਬਰ 28 ਤੋਂ ਪਿਛਲੇ 30 ਸਾਲ ਤੋਂ ਅਕਾਲੀ ਦਲ ਦਾ ਮੋਹਰੀ ਬਣ ਕੇ ਕੰਮ ਕਰਨ ਵਾਲੇ ਪਰਿਵਾਰਾਂ ਨੇ ਵਾਰਡ ਇੰਚਾਰਜ ਸੰਦੀਪ ਕੁਮਾਰ ਦੀ ਅਗਵਾਈ ਹੇਠ ਇਕ ਵੱਡੇ ਇਕੱਠ ਦੌਰਾਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਦਾ ਸਵਾਗਤ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਕੀਤਾ ਗਿਆ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਪਾਰਟੀ ਨਾਲ ਜੁੜਨ ਵਾਲੇ ਹਰੇਕ ਵਰਕਰ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਦੌਰਾਨ ਮਹਿਲਾ ਵਿੰਗ ਦੀ ਹਲਕਾ ਪ੍ਰਧਾਨ ਵੀਰਪਾਲ ਕੌਰ ਨੇ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਮਾਵਾਂ-ਧੀਆਂ ਸਤਿਕਾਰ ਯੋਜਨਾ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਰਸ਼ਨ ਸਿੰਘ ਸੇਠੀ ਪ੍ਰਧਾਨ, ਸੁਨੀਲ ਕੁਮਾਰ, ਸਤਪਾਲ ਚਗਤੀ, ਕਰਨਾ ਰਾਣੀ, ਵਿੱਕੀ ਕੁਮਾਰ, ਜ਼ੋਤੀ ਕੁਮਾਰ, ਜਸਵੀਰ ਕੌਰ ਨੇ ਕਿਹਾ ਕਿ ਉਹ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚੋਂ ‘ਆਪ’ ਫ਼ਿਰ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਕੌਂਸਲਰ ਤੇ ਕੰਬੋਜ ਭਲਾਈ ਬੋਰਡ ਦੇ ਚੇਅਰਮੈਨ ਡਾ. ਸੁਰਿੰਦਰ ਕੁਮਾਰ ਕੰਬੋਜ, ਸੁਖਦੇਵ ਬੇਦੀ, ਸ਼ਿਵ ਗਾਂਧੀ, ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਸੰਦੀਪ ਸ਼ਰਮਾ, ਕ੍ਰਿਸ਼ਨ ਕੁਮਾਰ ਹਾਜ਼ਰ ਸਨ।