ਸਾਦਿਕ, 22 ਜੁਲਾਈ (ਗੁਰਭੇਜ ਸਿੰਘ ਚੌਹਾਨ)-ਅਕਾਲ ਅਕੈਡਮੀ ਨਾਲ ਸਬੰਧਿਤ 121 ਸਕੂਲਾਂ ਦੇ 15,024 ਤੋਂ ਵੱਧ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਦੇ ਕੇ ਇਤਿਹਾਸ ਰਚਿਆ ਹੈ। ਵਿਦਿਆਰਥੀਆਂ ਵਲੋਂ ‘ਵੀ ਆਰ ਡਰੱਗ ਫਰੀ’ ਮਨੁੱਖੀ ਆਕਾਰ (ਹਿਊਮਨ ਫ਼ਾਰਮੇਸ਼ਨ) ਬਣਾਉਣ ਲਈ ਕੀਤੇ ਗਏ ਇਸ ਵਿਲੱਖਣ ਉਪਰਾਲੇ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਲੋਂ ਤੀਜੀ ਮਾਨਤਾ ਦਿਵਾਈ ਹੈ। ਇਹ ਰਿਕਾਰਡ 26 ਜੂਨ 2026 ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਬਣਾਇਆ ਗਿਆ। ਜਦੋਂ ਸਾਰੇ ਅਕਾਲ ਅਕੈਡਮੀ ਸਕੂਲਾਂ ਦੇ ਵਿਦਿਆਰਥੀਆਂ ਨੇ ਇਕੋ ਸਮੇਂ ਆਪਣੇ-ਆਪਣੇ ਕੈਂਪਸਾਂ ਵਿਚ ਇਹ ਸੰਦੇਸ਼ ਦੇ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਿਹਤਮੰਦ ਜੀਵਨ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਇਤਿਹਾਸਕ ਪ੍ਰਾਪਤੀ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਅਕਾਲ ਅਕੈਡਮੀ ਜੰਡ ਸਾਹਿਬ ਅਤੇ ਅਕਾਲ ਅਕੈਡਮੀ ਸੁਖਣਵਾਲਾ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜ ਰਾਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਨਾਲ ਮਿਲ ਕੇ ਇਸ ਇਤਿਹਾਸਕ ਪ੍ਰਾਪਤੀ ਨੂੰ ਸੰਭਵ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ। ਇਹ ਮੁਹਿੰਮ ਬਾਬਾ ਇਕਬਾਲ ਸਿੰਘ ਦੇ ਉਸ ਦੂਰਦਰਸ਼ੀ ਵਿਜ਼ਨ ਨੂੰ ਸਮਰਪਿਤ ਸੀ ਜਿਸ ਅਨੁਸਾਰ ਸਿੱਖਿਆ ਦਾ ਉਦੇਸ਼ ਕੇਵਲ ਅਕਾਦਮਿਕ ਪ੍ਰਾਪਤੀਆਂ ਨਹੀਂ, ਸਗੋਂ ਚੰਗੇ ਚਰਿੱਤਰ, ਉੱਚੇ ਜੀਵਨ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਵਿਕਾਸ ਵੀ ਹੈ। ਦਿ ਕਲਗੀਧਰ ਟਰੱਸਟ ਆਪਣੇ ਅਕਾਲ ਅਕੈਡਮੀ ਸਕੂਲਾਂ ਰਾਹੀਂ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਅਤੇ ਨਸ਼ਾ ਮੁਕਤ ਭਾਰਤ ਦੇ ਦੂਤ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਟਾਵਾ ਕਰਦਿਆਂ ਅਕਾਲ ਅਕੈਡਮੀ ਸੁੱਖਣਵਾਲਾ ਦੀ ਪ੍ਰਿੰਸੀਪਲ ਗੁਰਜੀਤ ਕੌਰ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਸਕੂਲ ਇਸ ਰਾਸ਼ਟਰੀ ਪ੍ਰਾਪਤੀ ਦਾ ਹਿੱਸਾ ਬਣੇ। 121 ਅਕਾਲ ਅਕੈਡਮੀ ਸਕੂਲਾਂ ਦੇ ਨਾਲ ਮਿਲ ਕੇ ਸਾਡੇ ਵਿਦਿਆਰਥੀਆਂ ਨੇ ਸਾਬਤ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਨਸ਼ਾ ਮੁਕਤ ਭਾਰਤ ਦੀ ਸਭ ਤੋਂ ਵੱਡੀ ਤਾਕਤ ਬਣ ਸਕਦੀ ਹੈ। ਵਰਲਡ ਬੁੱਕ ਆਫ਼ ਰਿਕਾਰਡਜ਼ ਦਾ ਸਰਟੀਫਿਕੇਟ ਸਾਰੇ 121 ਅਕਾਲ ਅਕੈਡਮੀ ਸਕੂਲਾਂ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਵਿਦਿਆਰਥੀਆਂ ਦੀ ਨਸ਼ਾ ਮੁਕਤ ਭਾਰਤ ਪ੍ਰਤੀ ਵਚਨਬੱਧਤਾ ਦਾ ਸਦੀਵੀ ਪ੍ਰਤੀਕ ਹੋਵੇਗਾ। ਕਲਗੀਧਰ ਟਰੱਸਟ ਭਵਿੱਖ ਵਿਚ ਵੀ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਜਾਰੀ ਰੱਖੇਗਾ।