ਬਰੇਟਾ, 22 ਜੁਲਾਈ (ਪਾਲ ਸਿੰਘ ਮੰਡੇਰ)- ਬਿਜਲੀ ਬੋਰਡ ਦੀ ਜੁਆਇੰਟ ਫੋਰਮ ਪੰਜਾਬ, ਬਿਜਲੀ ਏਕਤਾ ਮੰਚ ਪੰਜਾਬ, ਅਤੇ ਜੁਆਇੰਟ ਕਮੇਟੀ ਇੰਪਲਾਈਜ਼ ਯੂਨੀਅਨ ਅਤੇ ਪੰਜਾਬ ਪੈਨਸ਼ਨਰ ਯੂਨੀਅਨ ਅਤੇ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੇ ਸੱਦੇ ‘ਤੇ 21 ਜੁਲਾਈ ਨੂੰ ਬਿਜਲੀ ਕਾਮੇ ਸਮੂਹਿਕ ਛੁੱਟੀ ‘ਤੇ ਰਹੇ, ਜਿਸ ਵਿਚ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਸੀ, ਜਿਸ ਦੇ ਰੋਸ ਵਜੋਂ ਸਮੁੱਚੀ ਕਮੇਟੀ ਵੱਲੋਂ ਫ਼ੈਸਲਾ ਲਿਆ ਗਿਆ ਤੇ ਬਿਜਲੀ ਕਾਮੇ ਸਮੂਹਿਕ ਛੁੱਟੀ ‘ਤੇ ਰਹੇ। ਸਬ ਡਵੀਜ਼ਨ ਬਰੇਟਾ ਦੇ ਆਗੂਆਂ ਨੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਇਸ ਮੌਕੇ ਰਣਜੀਤ ਕੁਮਾਰ ਜਨਰਲ ਸਕੱਤਰ, ਰਾਮ ਸਿੰਘ ਸਬ-ਡਵੀਜ਼ਨ ਪ੍ਰਧਾਨ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਤਰਸੇਮ ਸਿੰਘ, ਯੁਸਵ ਕੁਮਾਰ ਆਦਿ ਹਾਜ਼ਰ ਸਨ।