ਜੈਤੋ, 23 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਧਾਰਮਿਕ ਆਸਥਾ, ਸੇਵਾ ਭਾਵਨਾ ਅਤੇ ਭਗਤੀ ਦੇ ਮਾਹੌਲ ਵਿਚ ਜੈਤੋ ਦੇ ਕਾਲੂਰਾਮ ਦੀ ਬਗੀਚੀ ਪਾਵਨ ਧਾਮ ਤੋਂ ਸ੍ਰੀ ਕੈਲਾਸ਼ਪਤੀ ਲੰਗਰ ਸੇਵਾ ਸੰਮਤੀ (ਰਜਿ.) ਜੈਤੋ ਵਲੋਂ ਮਨੇਰੀ (ਗੰਗੋਤਰੀ ਧਾਮ), ਉੱਤਰਾਖੰਡ ਵਿਖੇ ਲਗਾਏ ਜਾਣ ਵਾਲੇ 21ਵੇਂ ਵਿਸ਼ਾਲ ਭੰਡਾਰੇ ਲਈ ਤਿੰਨ ਗੱਡੀਆਂ ਦਾ ਜਥਾ ਰਵਾਨਾ ਕੀਤਾ ਗਿਆ। ਭੰਡਾਰੇ ਲਈ ਰਵਾਨਾ ਹੋਏ ਜਥੇ ਨੂੰ ਸੰਤ ਰਿਸ਼ੀ ਰਾਮ ਜਲਾਲ ਵਾਲੇ, ਬਾਬਾ ਮਹੰਤ ਕਮਲ ਦਾਸ ਮੋਹਨ ਲਾਲ ਡੇਰੇ ਵਾਲੇ, ਬਾਬਾ ਸੱਤ ਮੁਨੀ ਡੇਰਾ ਭਾਈ ਭਗਤੂ ਵਾਲੇ ਅਤੇ ਰਾਜ ਬਾਬਾ ਬਾਜਾਖਾਨਾ ਵਾਲਿਆਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਪੂਜਨ, ਹਵਨ ਅਤੇ ਜੋਤੀ ਪ੍ਰਚੰਡ ਕਰਨ ਦੀਆਂ ਰਸਮਾਂ ਸ਼ਰਧਾ ਨਾਲ ਨਿਭਾਈਆਂ ਗਈਆਂ। ਨਿਰਮਲਾ ਦੇਵੀ ਗਰਗ ਪ੍ਰਧਾਨ ਨਗਰ ਕੌਂਸਲ ਜੈਤੋ ਨੇ ਹਵਨ ਵਿਚ ਸ਼ਾਮਿਲ ਹੋ ਕੇ ਧਾਰਮਿਕ ਰਸਮਾਂ ਅਦਾ ਕੀਤੀਆਂ, ਜਦਕਿ ਪੰਡਿਤ ਬਾਬੂ ਰਾਮ ਨੇ ਵੇਦ ਮੰਤਰਾਂ ਦੇ ਉਚਾਰਨ ਨਾਲ ਜੋਤੀ ਪ੍ਰਚੰਡ ਕਰਵਾਈ। ਸਮਾਗਮ ਦੌਰਾਨ ਭਗਤਾਂ ਨੇ ਭਜਨ-ਕੀਰਤਨ, ਭੇਟਾਂ ਅਤੇ ਭੋਲੇ ਸ਼ੰਕਰ ਦੀ ਆਰਤੀ ਕਰਕੇ ਭਗਤੀ ਰਸ ਦਾ ਆਨੰਦ ਮਾਣਿਆ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਇਸ ਵਾਰ ਤਿੰਨ ਗੱਡੀਆਂ ਰਾਹੀਂ 30 ਮੈਂਬਰੀ ਜਥਾ ਮਨੇਰੀ (ਗੰਗੋਤਰੀ ਧਾਮ) ਵਿਖੇ ਲੰਗਰ ਸੇਵਾ ਲਈ ਰਵਾਨਾ ਹੋਇਆ ਹੈ। ਇਹ ਭੰਡਾਰਾ 17 ਦਿਨਾਂ ਤੱਕ ਨਿਰੰਤਰ ਚੱਲੇਗਾ। ਜਥਾ 22 ਜੁਲਾਈ ਨੂੰ ਰਵਾਨਾ ਹੋ ਕੇ 7 ਅਗਸਤ ਨੂੰ ਜੈਤੋ ਵਾਪਸ ਪਰਤੇਗਾ। ਸੰਸਥਾ ਦੇ ਆਗੂ ਲਵ ਕੁਸ਼ ਗੋਇਲ ਨੇ ਦੱਸਿਆ ਕਿ ਸ੍ਰੀ ਕੈਲਾਸ਼ਪਤੀ ਲੰਗਰ ਸੇਵਾ ਸੰਮਤੀ ਪਿਛਲੇ 21 ਸਾਲਾਂ ਤੋਂ ਨਿਰੰਤਰ ਇਹ ਮਹਾਨ ਸੇਵਾ ਨਿਭਾ ਰਹੀ ਹੈ ਅਤੇ ਭਵਿੱਖ ਵਿਚ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਮੂਹ ਸੇਵਾਦਾਰ ਪੂਰੀ ਤਨਦੇਹੀ ਨਾਲ ਇਸ ਕਾਰਜ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸੰਤ ਰਿਸ਼ੀ ਰਾਮ ਜਲਾਲ ਵਾਲੇ, ਬਾਬਾ ਮਹੰਤ ਕਮਲ ਦਾਸ ਮੋਹਨ ਲਾਲ ਡੇਰੇ ਵਾਲੇ, ਬਾਬਾ ਸੱਤ ਮੁਨੀ ਡੇਰਾ ਭਾਈ ਭਗਤੂ ਵਾਲੇ, ਰਾਜ ਬਾਬਾ ਬਾਜਾਖਾਨਾ ਵਾਲੇ, ਵਿਜੇ ਗੰਗਾ, ਆਸ਼ੀਸ਼ ਬਰਗਾੜੀ, ਪਵਨ ਗੰਗਾ, ਗਿੰਨੀ ਕੋਚਰ, ਸੰਦੀਪ ਲੂੰਬਾ, ਆਸ਼ੂ ਗੋਇਲ, ਸੁਮਿਤ ਕੁਮਾਰ, ਟੋਨੀ ਡੋੜ, ਹਰੀਸ਼ ਤਾਇਲ, ਰਜਿੰਦਰ ਤਾਇਲ, ਕਰਨ ਯਾਦਵ, ਨਿੱਕਾ ਕਟਾਰੀਆ, ਬਚਨ ਸਿੰਘ ਹਲਵਾਈ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਸੇਵਾਦਾਰ ਹਾਜ਼ਰ ਸਨ।